ਸਿਹਤ ਮੰਤਰੀ ਵਲੋਂ ਤਪਾ ਹਸਪਤਾਲ ‘ਬੈਸਟ ਪ੍ਰੋਫਾਰਮੈਂਸ’ ਐਵਾਰਡ ਨਾਲ ਸਨਮਾਨਿਤ
ਆਈਸੀਟੀਸੀ ਸੈਂਟਰ ਪੰਜਾਬ ਭਰ ‘ਚੋਂ ਆਇਆ ਫਸਟ
ਤਪਾ ਮੰਡੀ (ਹਾਕਮ ਚੌਹਾਨ) ਸਿਹਤ ਤੇ ਪਰਿਵਾਰ ਭਲਾਈ ਮੰਤਰੀ ਸ੍ਰ. ਬਲਬੀਰ ਸਿੰਘ ਸਿੱਧੂ ਅਤੇ ਵਿਭਾਗ ਦੇ ਉੱਚ ਅਧਿਕਾਰੀਆਂ ਵਲੋਂ ਸਬ ਡਵੀਜ਼ਨਲ ਹਸਪਤਾਲ ਤਪਾ ਨੂੰ ‘ਬੈਸਟ ਪ੍ਰੋਫਾਰਮੈਂਸ’ ਐਵਾਰਡ ਨਾਲ ਸਨਮਾਨਿਤ ਕੀਤਾ ਹੈ। ਹਸਪਤਾਲ ਦੇ ਆਈਸੀਟੀਸੀ ਸੈਂਟਰ ਨੇ ਪੰਜਾਬ ਭਰ ਵਿਚੋਂ ਪਹਿਲਾ ਸਥਾਨ ਪ੍ਰਾਪਤ ਕਰਕੇ ਮਿਸਾਲ ਕਾਇਮ ਕੀਤੀ ਹੈ। ਪੰਜਾਬ ਸਟੇਟ ਏਡਜ਼ ਕੰਟਰੋਲ ਸੁਸਾਇਟੀ ਵਲੋਂ ਵਿਸ਼ਵ ਏਡਜ਼ ਦਿਵਸ ਮੌਕੇ ਅੱਜ ਲੁਧਿਆਣਾ ਵਿਚ ਹੋਏ ਸੂਬਾ ਪੱਧਰੀ ਸਮਾਰੋਹ ਦੌਰਾਨ ਹਸਪਤਾਲ ਦੇ ਸੀਨੀਅਰ ਮੈਡੀਕਲ ਅਫਸਰ ਡਾ. ਜਸਬੀਰ ਸਿੰਘ ਔਲਖ, ਆਈਸੀਟੀਸੀ ਸੈਂਟਰ ਦੇ ਇੰਚਾਰਜ ਡਾ. ਸਤਿੰਦਰਪਾਲ ਸਿੰਘ ਬੁੱਟਰ ਤੇ ਟੀਮ ਨੂੰ ‘ਬੈਸਟ ਪ੍ਰੋਫਾਰਮੈਂਸ’ ਐਵਾਰਡ ਦੀ ਟ੍ਰਾਫੀ ਨਾਲ ਸਨਮਾਨਿਤ ਕੀਤਾ। ਇਸ ਮੌਕੇ ਸਿਹਤ ਮੰਤਰੀ ਸ੍ਰ. ਬਲਬੀਰ ਸਿੰਘ ਸਿੱਧੂ, ਪ੍ਰੋਜੈਕਟ ਡਾਇਰੈਕਟਰ ਅਮਿਤ ਕੁਮਾਰ ਆਈਏਐਸ ਅਤੇ ਉਚ ਅਧਿਕਾਰੀਆਂ ਵਲੋਂ ਹਸਪਤਾਲ ਦੀ ਇਸ ਉਪਲਬਧੀ ‘ਤੇ ਪ੍ਰਸ਼ੰਸਾ ਕੀਤੀ ਗਈ। ਸਬ ਡਵੀਜ਼ਨਲ ਹਸਪਤਾਲ ਤਪਾ ਨੇ ਆਪਣੇ ਸਲਾਨਾ ਟੀਚੇ ਪੂਰੇ ਕੀਤੇ ਅਤੇ ਏਡਜ਼/ਆਈਸੀਟੀਸੀ ਦੇ ਟੈਸਟ, ਕੌਂਸਲਿੰਗ, ਰੈਫਰਲ ਅਤੇ ਇਲਾਜ ਦੇ ਸਮੁੱਚੇ ਮਾਪਦੰਡ ਪੂਰੇ ਕਰਦਿਆਂ ਬਿਹਤਰੀਨ ਕਾਰਗੁਜ਼ਾਰੀ ਵਿਖਾਈ ਹੈ।
ਬਲਾਕ ਐਕਸਟੈਨਸ਼ਨ ਐਜੂਕੇਟਰ ਗੌਤਮ ਰਿਸ਼ੀ ਨੇ ਦੱਸਿਆ ਕਿ ਏਡਜ਼ ਕੰਟਰੋਲ ਪ੍ਰੋਗਰਾਮ ਅਧੀਨ ਰਾਜ ਵਿਚ ਆਈਸੀਟੀਸੀ (ਇੰਟੀਗ੍ਰੇਟਿਡ ਕਾਉਂਸਲਿੰਗ ਤੇ ਟੈਸਟਿੰਗ ਸੈਂਟਰ) ਇਕ ਅਜਿਹਾ ਪ੍ਰੋਗਰਾਮ ਹੈ, ਜਿਸ ਅਧੀਨ ਐਚਆਈਵੀ/ਏਡਜ਼ ਦੇ ਬਚਾਅ ਅਤੇ ਰੋਕਣ ਦੇ ਉਪਰਾਲੇ ਮਾਹਿਰ ਸਟਾਫ ਵਲੋਂ ਲੋਕਾਂ ਦੀ ਮੁਫ਼ਤ ਕਾਉਂਸਲਿੰਗ ਤੇ ਐਚਆਈਵੀ ਟੈਸਟਿੰਗ ਉਪਲਬੱਧ ਕੀਤੀ ਜਾ ਰਹੀ ਹੈ। ਕੋਈ ਵੀ ਵਿਅਕਤੀ ਆਪਣੀ ਇੱਛਾ ਅਨੁਸਾਰ ਇਨ੍ਹਾਂ ਸੈਂਟਰਾਂ ਵਿਚ ਮੁਫ਼ਤ ਟੈਸਟ ਕਰਵਾ ਸਕਦਾ ਹੈ।
2 Attachments