25ਵੇਂ ਕਰਨਲ ਭੱਠਲ ਕਹਾਣੀ ਮੁਕਾਬਲੇ ਲਈ ਕਹਾਣੀਆਂ ਦੀ ਮੰਗ
ਬਰਨਾਲਾ : 23, ਦਸੰਬਰ (ਚੰਡਿਹੋਕ) ਅਦਾਰਾ ‘ਕਲਾਕਾਰ’ ਦੀ ਮੀਟਿੰਗ ਕਲਾਕਾਰ ਦੇ ਸੰਪਾਦਕ ਕੰਵਰਜੀਤ ਭੱਠਲ ਦੀ ਪ੍ਰਧਾਨਗੀ ਹੇਠ ਹੋਈ। ਜਿਸ ਵਿਚ ਕਰਨਲ ਨਰੈਣ ਸਿੰਘ ਭੱਠਲ ਯਾਦਗਾਰੀ ਇਨਾਮੀ ਕਹਾਣੀ ਮੁਕਾਬਲੇ ਲਈ ਕਹਾਣੀਆਂ ਦੀ ਮੰਗ ਕੀਤੀ ਗਈ। ਇਸ ਮੁਕਾਬਲੇ ਵਿਚ ਪਹਿਲੇ ਸਥਾਨ ’ਤੇ ਆਉਣ ਵਾਲੀ ਕਹਾਣੀ ਨੂੰ 3100 ਰੁਪਏ ਅਤੇ ਦੂਜੇ ਸਥਾਨ ’ਤੇ ਰਹਿਣ ਵਾਲੀ ਕਹਾਣੀ ਨੂੰ 2100 ਰੁਪਏ ਨਕਦ ਅਤੇ ਸਨਮਾਨ ਚਿੰਨ੍ਹ ਪ੍ਰਦਾਨ ਕੀਤੇ ਜਾਣਗੇ। ਇਨ੍ਹਾਂ ਦੋਵਾਂ ਕਹਾਣੀਆਂ ਅਤੇ 12 ਹੋਰ ਚੰਗੀਆਂ ਕਹਾਣੀਆਂ ਨੂੰ ਤ੍ਰੈ-ਮਾਸਕ ‘ਕਲਾਕਾਰ ਸਾਹਿਤਕ’ ਵਿਚ ਛਾਪਿਆ ਜਾਵੇਗਾ। ਕਹਾਣੀਆਂ ਦਾ ਮੁੱਲਾਂਕਣ ਤਿੰਨ ਵਿਦਵਾਨ ਆਲੋਚਕਾਂ ਪਾਸੋਂ ਕਰਵਾਇਆ ਜਾਵੇਗਾ ਜਿਨ੍ਹਾਂ ਦਾ ਨਿਰਣਾ ਅੰਤਿਮ ਹੋਵੇਗਾ।
2021 ਦੇ ਪੱਚੀਵੇਂ ਭੱਠਲ ਕਹਾਣੀ ਮੁਕਾਬਲੇ ਲਈ, ਪੰਜਾਬੀ ਦੇ ਦੇਸ਼ ਅਤੇ ਵਿਦੇਸ਼ ਦੇ ਕਹਾਣੀਕਾਰਾਂ ਪਾਸੋਂ ਕਹਾਣੀਆਂ 10 ਫ਼ਰਵਰੀ, 2021 ਤੱਕ ਸੰਪਾਦਕ, ‘ਕਲਾਕਾਰ ਸਾਹਿਤਕ’, ਕਲਾਕਾਰ ਨਿਵਾਸ, ਪੱਤੀ ਰੋਡ, ਬਰਨਾਲਾ (ਪੰਜਾਬ)-148101 ਦੇ ਪਤੇ ’ਤੇ ਘੱਲੀਆਂ ਜਾਣ। ਮਿੰਨੀ ਕਹਾਣੀਆਂ ਨਾ ਭੇਜੀਆਂ ਜਾਣ। ਕਹਾਣੀ ਦੀਆਂ ਟਾਈਪ-ਸ਼ੁਦਾ ਤਿੰਨ ਕਾਪੀਆਂ ਭੇਜੀਆਂ ਜਾਣ। ਕਹਾਣੀ ਅਣਛਪੀ ਹੋਵੇ ਅਤੇ ਨਤੀਜਾ ਆਉਣ ਤੱਕ ਹੋਰ ਕਿਧਰੇ ਛਪਣੀ ਨਹੀਂ ਚਾਹੀਦੀ। ਕਿਧਰੇ ਹੋਰ ਛਪਣ ਦੀ ਸੂਰਤ ਵਿਚ ਮੁਕਾਬਲੇ ਤੋਂ ਬਾਹਰ ਕਰ ਦਿੱਤੀ ਜਾਵੇਗੀ।
Nice news