ਹੌਂਸਲਿਆਂ ਦੇ ਖੰਭਾਂ ਉਤੇ ਅਰਸ਼ਾਂ ਤੱਕ ਉਡਾਣਾਂ ਭਰਨ ਦਾ ਦਮ ਰੱਖਦੀ ਕਲਮ : ਜਸਵਿੰਦਰ ਕੌਰ

ਅੰਮ੍ਰਿਤਸਰ ਵਿਖੇ ਪਿਤਾ ਸ੍ਰ: ਗੁਲਜਾਰ ਸਿੰਘ ਤੇ ਮਾਤਾ ਜਗਦੀਸ਼ ਕੌਰ ਦੇ ਘਰ ਜਨਮੀ ਜਸਵਿੰਦਰ ਐਸੀ ਖੁਸ਼ਨਸੀਬ ਰੂਹ ਹੈ, ਜਿਸ ਨੇ ਸੱਤਵੀਂ ਅੱਠਵੀਂ ਜਮਾਤ ਵਿਚ ਸਕੂਲ ਵੱਲੋਂ ਜ਼ਿਲਾ ਪੱਧਰੀ ਕਵਿਤਾ ਲੇਖਣ ਮੁਕਾਬਲਿਆਂ ‘ਚ ਭਾਗ ਲੈਣਾ ਸ਼ੁਰੂ ਕਰ ਦਿੱਤਾ ਸੀ। ਬਾਰਵੀਂ ਜਮਾਤ ਵਿੱਚ ਪੜਦਿਆਂ ਪੰਜਾਬੀ ਭਾਸ਼ਾ ਵਿਭਾਗ ਪਟਿਆਲਾ ਵੱਲੋਂ ਰਾਜ ਪੱਧਰ ਤੇ ਕਵਿਤਾ ਲੇਖਣ ’ਚ ਉਸ ਪਹਿਲਾ ਇਨਾਮ ਹਾਸਿਲ ਕੀਤਾ। ਸਰੂਪ ਰਾਣੀ ਗੌਰਮਿੰਟ ਕਾਲਜ, ਅੰਮ੍ਰਿਤਸਰ ਤੋਂ ਗ੍ਰੈਜੂਏਸ਼ਨ ਦੀ ਪੜਾਈ ਉਪਰੰਤ ਜਸਵਿੰਦਰ ਦਾ ਅੰਮ੍ਰਿਤਸਰ ਵਿੱਚ ਹੀ ਵਿਆਹ ਹੋ ਗਿਆ। ਵਿਆਹ ਤੋਂ ਬਾਅਦ ਰਾਜਨੀਤੀ ਸ਼ਾਸਤਰ ਵਿੱਚ ਐਮ. ਏ ਕੀਤੀ ਤੇ ਫਿਰ ਜਲੰਧਰ ਗੌਰਮਿੰਟ ਕਾਲਜ ਤੋਂ ਬੀ. ਐੱਡ ਕੀਤੀ। ਕੇਂਦਰੀ ਇਮਤਿਹਾਨ ਸੀ. ਨੈੱਟ ਵੀ ਪਾਸ ਕੀਤਾ। ਪੜਾਈ ਦੇ ਨਾਲ-ਨਾਲ ਪੰਜਾਬੀ ਅਧਿਆਪਕਾ ਦੀ ਸੇਵਾ ਦੌਰਾਨ ਹੀ ਉਸ ਦੀ ਜ਼ਿੰਦਗੀ ਦੇ ਬਾਗ਼ ਵਿੱਚ ਪ੍ਰਮਾਤਮਾ ਨੇ ਬੇਟਾ-ਬੇਟੀ ਦੇ ਰੂਪ ਵਿੱਚ ਦੋ ਫੁੱਲ ਵੀ ਖਿੜਾ ਦਿੱਤੇ। ਸਵੈ ਪ੍ਰੇਰਨਾ ਨਾਲ ਸੰਘਰਸ਼ ਕਰਦਿਆਂ ਜ਼ਿੰਦਗੀ ਦਾ ਹਰ ਮੁਕਾਮ ਹਾਸਲ ਕਰਦੇ ਹੋਏ ਉਹ ਅੱਗੇ ਵਧਦੀ ਗਈ ਜਿਸ ਵਿੱਚ ਪਤੀ ਦਾ ਪੂਰਾ ਸਾਥ ਰਿਹਾ। ਏਨੇ ਸੰਘਰਸ਼ਸ਼ੀਲ ਸਫਰ ’ਚੋਂ ਲੰਘਦਿਆਂ ਹੋਇਆਂ ਵੀ ਆਪਣੇ ਅੰਦਰ ਦੀ ਕਵਿੱਤਰੀ ਨੂੰ ਉਸ ਨੇ ਕਦੇ ਨਹੀਂ ਮਰਨ ਦਿੱਤਾ, ਬਲਕਿ ਜ਼ਿੰਦਗੀ ਦੇ ਹਰ ਪੜਾਅ ’ਤੇ ਉਹ ਆਪਣੀਆਂ ਭਾਵਨਾਵਾਂ ਨੂੰ ਲਗਾਤਾਰ ਹਰਫ਼ਾਂ ਦਾ ਰੂਪ ਦਿੰਦੀ ਰਹੀ। 2019 ’ਚ ‘‘ਸੁਹਾਵੀਆ ਰੁੱਤਾਂ ਦਿਨ ਸੁਹੇਲੜੇ” ਦੇ ਨਾਂ ਹੇਠ ਲਿਖਤਾਂ ਨੂੰ ਪੁਸਤਕ ਦਾ ਰੂਪ ਦਿੰਦਿਆਂ ਪਦਮਸ੍ਰੀ ਡਾ: ਸੁਰਜੀਤ ਪਾਤਰ ਜੀ ਵੱਲੋਂ ਉਸ ਨੇ ਪੁਸਤਕ ਰਿਲੀਜ਼ ਕਰਵਾਈ, ਜੋ ਪੰਜਾਬ ਦੇ ਬਹੁਤ ਸਾਰੇ ਸਕੂਲਾਂ ਦੀ ਲਾਇਬਰੇਰੀ ਦੀ ਸ਼ੋਭਾ ਬਣੀ। ਹੁਣ ਉਸ ਦੀ ਦੂਸਰੀ ਪੁਸਤਕ, ‘‘ਕਲਾਮ ਨੂੰ ਸਲਾਮ” ਵੀ ਜਲਦੀ ਹੀ ਰਿਲੀਜ਼ ਹੋਣ ਜਾ ਰਹੀ ਹੈ।
ਇਸ ਵੇਲੇ ਅੰਮ੍ਰਿਤਸਰ ਦੇ ਪ੍ਰਸਿੱਧ ਸਕੂਲ ਡੀ. ਏ. ਵੀ. ਇੰਟਰਨੈਸ਼ਨਲ ਵਿੱਚ ਪੰਜਾਬੀ ਅਧਿਆਪਕਾ ਦੇ ਤੌਰ ਤੇ ਪੜਾ ਰਹੀ ਜਸਵਿੰਦਰ ਜਿੱਥੇ ਆਲ ਇੰਡੀਆ ਪੱਧਰ ਦੀ ਰਜਿਸਟਰਡ ਸੰਸਥਾ ਰਾਸ਼ਟਰੀ ਮਹਿਲਾ ਕਾਵਿ ਮੰਚ ਦੀ ਜ਼ਿਲਾ ਅੰਮ੍ਰਿਤਸਰ ਇਕਾਈ ਵਿੱਚ ਜਨਰਲ ਸਕੱਤਰ ਦੀ ਭੂਮਿਕਾ ਨਿਭਾ ਰਹੀ ਹੈ, ਉਥੇ ਵਿਸ਼ਵ ਪੰਜਾਬੀ ਨਾਰੀ ਸਾਹਿਤਕ ਮੰਚ ਦੀ ਮੈਂਬਰ ਵਜੋਂ, ਰਾਸ਼ਟਰੀ ਪੱਧਰ ਦੀ ਸੰਸਥਾ ਪ੍ਰਗਤੀਸ਼ੀਲ ਲੇਖਕ ਸੰਘ ਤੇ ਫੋਕਲੋਰ ਰਿਸਰਚ ਅਕਾਦਮੀ ਦੀ ਵੀ ਕਿਰਿਆਸੀਲ ਮੈਂਬਰ ਹੈ, ਉਹ। ਇਸੇ ਕਰਕੇ ਰਾਸ਼ਟਰੀ ਤੇ ਅੰਤਰਰਾਸ਼ਟਰੀ ਕਵੀ ਦਰਬਾਰਾਂ ਵਿੱਚ ਲਗਾਤਾਰ ਸ਼ਮੂਲੀਅਤ ਰਹਿੰਦੀ ਹੈ, ਉਸਦੀ। . . ਪੰਜਾਬੀ ਟਿ੍ਰਬਿਊਨ, ਅਜੀਤ, ਸੱਤ ਸਮੁੰਦਰੋਂ ਪਾਰ, ਅਣਖੀ ਯੋਧੇ, ਪੰਜ ਪਾਣੀ, ਆਦਿ ਦੇਸ਼-ਵਿਦੇਸ਼ ਦੇ ਪੇਪਰਾਂ ਵਿਚ ਛਪਣ ਤੋਂ ਇਲਾਵਾ ਅੰਤਰਰਾਸ਼ਟਰੀ ਸਾਂਝੇ ਅਲਫਾਜ਼, ਨਵੀਂਆਂ ਪੈੜਾਂ, ਜਗਦੇ ਦੀਵੇ, ਸੋ ਕਿਉਂ ਮੰਦਾ ਆਖੀਐ, ਬੀਂਗ ਐਮਬੀਸ਼ੀਐਸ ਵਿੱਚ ਵੀ ਉਸਦੀਆਂ ਰਚਨਾਵਾਂ ਨੂੰ ਸ਼ਾਮਲ ਹੋਣ ਦਾ ਮਾਣ ਮਿਲਿਆ। . . ਸਾਂਝੀ ਆਵਾਜ ਰੇਡੀਓ-ਆਸਟ੍ਰੇਲੀਆ ਮੈਲਬੌਰਨ, ਆਲ ਇੰਡੀਆ ਰੇਡੀਓ, ਗਗਨ ਰੇਡੀਓ ਅਤੇ ਅਵਤਾਰ ਰੇਡੀਓ ਸੀਚੇਵਾਲ ਤੱਕ ਵੀ ਉਸ ਦੀ ਕਲਮ ਤੇ ਅਵਾਜ਼ ਪਹੁੰਚੀ। ਆਲ ਇੰਡੀਆ ਰੇਡੀਓ ਤੇ ਨਿਊਜ 47 ਮੀਡੀਆ ਰਾਹੀਂ ਇੰਟਰਵਿਊ ਤੇ ਐਕਸਪਰਟ ਦੇ ਤੌਰ ਤੇ ਅਤੇ ਸੌ ਚੋਣਵੀਆਂ ਭਾਰਤੀ ਉੱਚ ਸ਼ਖ਼ਸੀਅਤਾਂ ਦੀ ਪ੍ਰਕਾਸ਼ਿਤ ਹੋ ਰਹੀ ਪੁਸਤਕ ਵਿਚ ਸ਼ਾਮਲ ਹੋਣ ਦਾ ਮਾਣ ਵੀ ਉਸਦੇ ਹਿੱਸੇ ਆਇਆ।
ਜਸਵਿੰਦਰ ਦੇ ਮਾਣ-ਸਨਮਾਨ ਦਾ ਪੱਖ ਛੂਹਿਆਂ ਪਤਾ ਲੱਗਦਾ ਹੈ ਕਿ ਉਹ ਸੌ ਤੋਂ ਵੱਧ ਸਟੇਜਾਂ ਉਤੇ ਸਨਮਾਨਿਤ ਹੋ ਚੁੱਕੀ ਹੈ, ਜਿਨਾਂ ਵਿਚੋਂ ਵਿਸ਼ਵ ਰਿਕਾਰਡ ਹੋਲਡਰ ਦੇ ਤੌਰ ਤੇ ਨਾਈਜੀਰੀਆ ਵੱਲੋਂ ਸਨਮਾਨ ਪੱਤਰ, ਗਲੋਬਲ ਰੋਲ ਮਾਡਲ ਟੀਚਰ ਐਵਾਰਡ ਮੁੰਬਈ ਵੱਲੋਂ, ਡਾਇਨੈਮਿਕ ਟੀਚਰ ਐਵਾਰਡ, (ਚੰਡੀਗੜ), ਇਨੋਵੇਟਿਵ ਐਜੂਕੇਟਰ ਐਕਸੀਲੈਂਸ ਐਵਾਰਡ (ਸੰਗਰੂਰ), ਇਨੋਵੇਟਿਵ ਟੀਚਰ ਐਵਾਰਡ (ਲਖਨਊ) ਟੀਚਰ ਆਫ ਦੀ ਸਕੂਲ ਐਵਾਰਡ (ਅੰਮ੍ਰਿਤਸਰ), ਨਾਰੀ ਸ਼ਕਤੀ ਸਨਮਾਨ (ਚੰਡੀਗੜ), ਗੌਰਵ ਸਨਮਾਨ (ਨੋਇਡਾ), ਅੰਤਰਰਾਸ਼ਟਰੀ ਪ੍ਰਸ਼ੰਸਾ ਪੱਤਰ (ਮਹਾਂਰਾਸ਼ਟਰ) ਆਦਿ ਨੂੰ ਅਭੁੱਲ ਸਨਮਾਨ ਦੱਸਦੀ ਹੈ, ਉਹ। ਜਸਵਿੰਦਰ ਕਹਿੰਦੀ ਹੈ:-
”ਜ਼ਿੰਦਗੀ ਦੇ ਰੰਗੀਨ ਗੁਬਾਰੇ, ਉੱਦਮੀ ਹਵਾਵਾਂ ਨਾਲ ਉਡਾਏ ਜਾਂਦੇ,
ਫਰਸ਼ਾਂ ਤੋਂ ਅਰਸ਼ਾਂ ਤੇ ਜਾਣ ਲਈ ਖੰਭ ਹੌਂਸਲਿਆਂ ਦੇ ਲਗਾਏ ਜਾਂਦੇ।”
ਜ਼ਿੰਦਗੀ ਦੇ ਰੰਗੀਨ ਗੁਬਾਰਿਆਂ ਨੂੰ ਸੰਘਰਸ਼ੀ ਤੇ ਉੱਦਮੀ ਹਵਾਵਾਂ ਨਾਲ ਉਡਾਉਂਦਿਆਂ, ਹੌਂਸਲਿਆਂ ਦੇ ਖੰਭਾਂ ਉਤੇ ਉਡਾਣਾ ਭਰਕੇ ਫਰਸ਼ਾਂ ਤੋਂ ਅਰਸ਼ਾਂ ਤੱਕ ਪਹੁੰਚਣ ਦਾ ਦਮ ਰੱਖਣ ਵਾਲੀ ਜਸਵਿੰਦਰ ਕੌਰ ਦੀ ਉਸਾਰੂ ਸੋਚ ਨੂੰ ਸਲਾਮ ! ਰੱਬ ਕਰੇ ! ਸਾਹਿਤ ਤੇ ਵਿੱਦਿਅਕ ਖੇਤਰ ਲਈ ਮਾਰਗ-ਦਰਸ਼ਕ ਬਣੀ ਇਸ ਸਖ਼ਸ਼ੀਅਤ ਦਾ ਹਰ ਸੁਪਨਾ ਸਾਕਾਰ ਹੋਵੇ !
-ਪ੍ਰੀਤਮ ਲੁਧਿਆਣਵੀ (ਚੰਡੀਗੜ), 9876428641
ਸੰਪਰਕ : ਜਸਵਿੰਦਰ ਕੌਰ, ਅੰਮ੍ਰਿਤਸਰ (9781534437)
good