ਸਿਹਤ ਅਤੇ ਸਾਹਿਤ ਸੇਵਾਵਾਂ ਦਾ ਸੁਮੇਲ : ਮੁਟਿਆਰ ਸਿਮਰਨ ਜੀਤ ਕੌਰ ਜੁਤਲਾ
‘‘ਜਦੋਂ ਵੀ ਸਕੂਲ ਵਿਚ ਕੋਈ ਪ੍ਰੋਗਰਾਮ ਹੁੰਦਾ ਸੀ ਤਾਂ ਮੈਂ ਜਰੂਰ ਭਾਗ ਲੈਂਦੀ ਸੀ।ਲਿਖਣ ਦਾ ਸ਼ੌਕ ਮੈਨੂੰ ਕਾਲਜ ਸਮੇਂ ਤੋਂ ਪੈਦਾ ਹੋਇਆ। ਨਵੰਬਰ 2012 ਦੀ ਗੱਲ ਹੈ, ਮੈਂ ਇਕੱਲੀ ਬੈਠੀ ਸੀ, ਪਤਾ ਹੀ ਨਹੀਂ ਲੱਗਾ ਕਿ ਕਦੋਂ ਕਵਿਤਾ ਲਿਖ ਹੋ ਗਈ। ਲਿਖਣ ਤੋਂ ਇਲਾਵਾ ਮੈਨੂੰ ਗਾਇਕੀ ਦਾ, ਖਾਣਾ ਬਣਾਉਣ ਅਤੇ ਡਾਂਸ ਦਾ ਵੀ ਕਾਫੀ ਸ਼ੌਕ ਹੈ।’’ ਇਨਾਂ ਵਿਚਾਰਾਂ ਦਾ ਪ੍ਰਗਟਾਵਾ ਕਰਨ ਵਾਲੀ, ਹੁਸ਼ਿਆਰਪੁਰ ਨਿਵਾਸੀ ਸ੍ਰ. ਗੁਰਜੀਤ ਸਿੰਘ (ਪਿਤਾ, ਵਰਧਮਾਨ ਫੈਕਟਰੀ ਮੁਲਾਜ਼ਮ), ਸ੍ਰੀਮਤੀ ਨਿਸ਼ਾ ਰਾਣੀ (ਮਾਤਾ, ਘਰੇਲੂ ਔਰਤ) ਦੀ ਲਾਡਲੀ ਸਪੁੱਤਰੀ ਅਤੇ ਭਰਾ ਜਗਜੀਤ ਸਿੰਘ (ਅਸਟ੍ਰੇਲੀਆ) ਦੀ ਲਾਡਲੀ ਭੈਣ ਸਿਮਰਨ ਜੀਤ ਕੌਰ ਜੁਤਲਾ ਨੇ ਪਲੱਸ 2 ਲਾਲਾ ਲਾਜਪਤ ਰਾਏ ਸਕੂਲ ਤੋਂ ਕਰਨ ਪਿੱਛੋਂ ਗੌਰਮਿੰਟ ਕਾਲਜ ਹੁਸ਼ਿਆਰਪੁਰ ਤੋਂ ਬੀ. ਏ. ਦੀ ਪੜਾਈ ਕੀਤੀ ਅਤੇ ਫਿਰ, ਭੋਪਾਲ ਯੂਨੀਵਰਸਿਟੀ ਛਤੀਸਗੜ ਤੋਂ ਕੰਪਿਊਟਰ ਦਾ ਡਿਪਲੋਮਾ ਕੀਤਾ। ਸਿਮਰਨ ਦੱਸਦੀ ਹੈ ਕਿ ਕਾਲਜ ਸਮੇਂ ਤੋਂ ਉਸ ਦੇ ਅਮਨ ਸਰ ਮਿਊਜ਼ਿਕ ਵਾਲੇ ਨੇ ਅਤੇ ਉਸ ਦੇ ਗੁਰੂ, ਗ਼ਜ਼ਲ- ਗਾਇਕ ਗੁਰਦੀਪ ਸਿੰਘ ਜੀ ਨੇ ਲਿਖਣ ਕਲਾ ਵਿਚ ਉਸਨੁੰ ਕਾਫੀ ਸਹਿਯੋਗ ਦਿੱਤਾ। ਫਿਰ, ਅਚਾਨਕ ਸ਼੍ਰੋਮਣੀ ਪੰਜਾਬੀ ਲਿਖਾਰੀ ਸਭਾ, ਪੰਜਾਬ (ਰਜਿ;) ਨਾਲ ਮਿਲਣ ਦਾ ਉਸ ਦਾ ਸਬੱਬ ਬਣਿਆ, ਜਿਨਾਂ ਦੀ ਕਿ ਉਹ ਹੁਣ ਸਲਾਹਕਾਰ ਹੈ। ਇਸ ਸੰਸਥਾ ਵਿਚ ਉਸਨੂੰ ਜਿੱਥੇ, ਕਾਵਿ-ਸੰਗ੍ਰਹਿ, ‘‘ਕਲਮਾਂ ਦਾ ਸਫ਼ਰ’’ (254 ਕਲਮਾਂ) ਅਤੇ ‘‘ਰੰਗ ਬਰੰਗੀਆਂ ਕਲਮਾਂ’’ (267 ਕਲਮਾਂ) ਵਿਚ ਛਪਣ ਦਾ ਮੌਕਾ ਮਿਲਿਆ, ਉਥੇ ਇਸੇ ਸੰਸਥਾ ਦੀ 906 ਕਲਾ-ਪ੍ਰੇਮੀਆਂ ਦੀ ਟੈਲੀਫ਼ੋਨ ਡਾਇਰੈਕਟਰੀ, ‘‘ਵਿਰਸੇ ਦੇ ਪੁਜਾਰੀ’’ ਵਿਚ ਵੀ ਛਪਣ ਦਾ ਅਤੇ ਸੰਸਥਾ ਵੱਲੋਂ ਸਨਮਾਨਿਤ ਹੋਣ ਦਾ ਮਾਣ ਹਾਸਲ ਹੋਇਆ। ਇਕ ਮੁਲਾਕਾਤ ਦੌਰਾਨ ਸਿਮਰਨਜੀਤ ਨੇ ਕਿਹਾ, ‘‘ ਸ਼੍ਰੋਮਣੀ ਪੰਜਾਬੀ ਲਿਖਾਰੀ ਸਭਾ, ਪੰਜਾਬ (ਰਜਿ;) ਵਿਚ ਦਾਖਲ ਹੋ ਕੇ ਸੰਸਥਾ ਦੇ ਪ੍ਰਧਾਨ ਸੁਪ੍ਰਸਿੱਧ ਗੀਤਕਾਰ ਲਾਲ ਸਿੰਘ ਲਾਲੀ ਅਤੇ ਉਨਾਂ ਦੀ ਪਰਿਵਾਰਕ ਮਹਿਕਾਂ ਵਿਖੇਰਦੀ ਸਮੁੱਚੀ ਟੀਮ ਕੋਲੋਂ ਮੈਨੂੰ ਕਾਫੀ ਕੁਝ ਸਿੱਖਣ ਨੂੰ ਮਿਲ ਰਿਹਾ ਹੈ, ਜਿਨਾਂ ਦੀ ਮੈਂ ਧੰਨਵਾਦੀ ਵੀ ਹਾਂ।’’
ਸਿਮਰਨਜੀਤ ਦੀਆਂ ਰਚਨਾਵਾਂ ਨਿਰਪੱਖ ਅਵਾਜ਼, ਦਾ ਟਾਈਮਜ ਆਫ ਪੰਜਾਬ, ਪੰਜਾਬੀ ਇੰਨ ਹਾਲੈਂਡ, ਫਿਲਮੀ ਫੋਕਸ ਮਾਸਿਕ ਮੈਗਜ਼ੀਨ, ਆਪਸੀ ਸਾਂਝ ਮੈਗਜ਼ੀਨ ਆਦਿ ਸਮੇਤ ਹੋਰ ਵੀ ਬਹੁਤ ਸਾਰੀਆਂ ਅਖਬਾਰਾਂ ਵਿੱਚ ਛਪ ਚੁੱਕੀਆਂ ਹਨ। ਮੁਲਾਕਾਤ ਦੌਰਾਨ ਜੁਤਲਾ ਨੇ ਕਿਹਾ,‘‘ਮੇਰਾ ਸੁਪਨਾ ਇਹੀ ਹੈ ਕਿ ਇਕ ਮਿਊਜ਼ਿਕ ਸਕੂਲ ਖੋਲਿਆ ਜਾਵੇ, ਜਿੱਥੇ ਪੰਜਾਬੀ ਮਾਂ-ਬੋਲੀ ਦੀ ਸੇਵਾ ਕੀਤੀ ਜਾਵੇ ਅਤੇ ਦੁਨੀਆਂ ਵਿੱਚ ਇਕ ਅਲੱਗ ਪਛਾਣ ਬਣੇ।’’. .. ਡਾਕਟਰੀ ਕਿੱਤੇ ਨਾਲ ਜੁੜੇ ਹੋਣ ਕਰਕੇ ਉਹ ਇਹ ਵੀ ਅਪੀਲ ਕਰਦੀ ਹੈ ਕਿ ਭਰੂਣ- ਹੱਤਿਆ, ਦਾਜ ਦੀ ਸਮੱਸਿਆ ਅਤੇ ਨਸ਼ਿਆਂ ਆਦਿ ਦੀਆਂ ਸਮੱਸਿਆਵਾਂ ਨੂੰ ਖ਼ਤਮ ਕਰਨ ਵਿਚ ਹੱਥ ਵਟਾਓ। ਔਰਤਾਂ ਦੀ ਆਤਮ ਨਿਰਭਰਤਾ ਲਈ ਉਸ ਦਾ ਕਹਿਣ ਹੈ ਕਿ ਅੱਜ ਕੱਲ ਦੀਆਂ ਕੁੜੀਆਂ ਆਪਣੇ ਸਾਰੇ ਕੰਮ ਆਪ ਹੀ ਕਰਦੀਆਂ ਹਨ। ਇਸੇ ਕਰਕੇ ਹੀ ਅੱਜ ਕੱਲ ਹਰ ਖੇਤਰ ’ਚ ਔਰਤਾਂ ਹੀ ਅੱਗੇ ਹਨ। ਸਿਮਰਨ ਦੀ ਆ ਰਹੀ ਪੁਸਤਕ ’ਚੋ ਪੇਸ਼ ਹਨ, ਦੋ ਸਤਰਾਂ :-
‘‘ਕੁੱਝ ਅਰਮਾਨ ਹੋਰ ਜਗਾਉਣੇ ਬਾਕੀ ਸੀ,
ਕੁਝ ਦਿਲ ਦੇ ਹਾਲ ਸੁਣਾਉਣੇ ਬਾਕੀ ਸੀ।
ਪਰ ਉਹ ਬਿਨਾਂ ਸੁਣੇ, ਅਲਵਿਦਾ ਕਹਿ ਗਏ,
ਦੋ ਹੋਰ ਹੰਝੂ ਸਾਡੇ ਨੈਣਾਂ ’ਚੋਂ ਬਹਿ ਗਏ।
ਜਿੰਦਗੀ ਦੇ ਦੁੱਖ ਵੰਡਾਉਣੇ ਬਾਕੀ ਸੀ,
ਦਿਲ ਦੇ ਰਿਸ਼ਤੇ ਨਿਭਾਉਣੇ ਬਾਕੀ ਸੀ।
ਉਹ ਬਿਨਾਂ ਨਿਭਾਏ, ਅਲਵਿਦਾ ਕਹਿ ਗਏ,
‘ਜੁਤਲਾ’ ਦਾਤ ਸਮਝ ਅਸੀਂ ਵੀ ਸਹਿ ਗਏ।’’
ਸਿਹਤ ਅਤੇ ਸਾਹਿਤ ਸੇਵਾਵਾਂ ਦਾ ਸੁਮੇਲ ਬਣੀ ਇਸ ਮੁਟਿਆਰ ਨੂੰ ਸਮਾਜ ਅਤੇ ਸਾਹਿਤ ਦੀ ਸੇਵਾ ਵਿਚ ਹੋਰ ਵੀ ਸਰਗਰਮ ਕਦਮੀਂ ਤੁਰਨ ਦਾ ਮਾਲਕ ਬਲ ਬਖਸ਼ੇ, ਦਿਲੀ ਆਤਮਾ ਦੀ ਸ਼ੁੱਭ ਇੱਛਾਵਾਂ ਤੇ ਦੁਆਵਾਂ ਭਰੀ ਅਵਾਜ਼ ਹੈ, ਮੇਰੀ।
– ਪ੍ਰੀਤਮ ਲੁਧਿਆਣਵੀ (ਚੰਡੀਗੜ), 9876428641
ਸੰਪਰਕ : ਸਿਮਰਨ ਜੀਤ ਕੌਰ ਜੁਤਲਾ, ਹੁਸ਼ਿਆਰਪੁਰ, 8528145550