ਸਵੱਛਤਾ ਅਤੇ ਫਿੱਟ ਇੰਡੀਆ ਮੁਹਿੰਮ ਅਧੀਨ ਯੂਥ ਕਲੱਬਾਂ ਦੀਆਂ ਗਤੀਵਿਧੀਆਂ ਜਾਰੀ *ਅੰਤਰਰਾਜੀ ਆਨਲਾਈਨ ਪ੍ਰੋਗਰਾਮ ਤਹਿਤ ਕਰਾਇਆ ਵੈਬੀਨਾਰ
ਬਰਨਾਲਾ, 3 ਦਸੰਬਰ
ਨਹਿਰੂ ਯੁਵਾ ਕੇਂਦਰ ਬਰਨਾਲਾ ਵੱਲੋਂ ਯੂਥ ਕਲੱਬਾਂ ਨੂੰ ਹੋਰ ਵਧੇਰੇ ਕਾਰਜਸ਼ੀਲ ਕਰਨ ਦੇ ਨਾਲ ਨਾਲ ਸਵੱਛਤਾ ਅਤੇ ਫਿੱਟ ਇੰਡੀਆ ਮੁਹਿੰਮ ਅਧੀਨ ਵਿਸ਼ੇਸ਼ ਗਤੀਵਿਧੀਆਂ ਕੀਤੀਆਂ ਜਾ ਰਹੀਆਂ ਹਨ। ਇਸ ਬਾਰੇ ਸਮੂਹ ਵਲੰਟੀਅਰਾਂ ਦੀ ਆਨਲਾਈਨ ਮੀਟਿੰਗ ਜ਼ਿਲ੍ਹਾ ਯੂਥ ਕੋਆਰਡੀਨੇਟਰ ਸ. ਸਰਬਜੀਤ ਸਿੰਘ ਦੀ ਪ੍ਰਧਾਨਗੀ ਹੇਠ ਹੋਈ, ਜਿਸ ਬਾਰੇ ਜਾਣਕਾਰੀ ਦਿੰਦਿਆਂ ਉਨ੍ਹਾਂ ਕਿਹਾ ਕਿ ਭਾਰਤ ਸਰਕਾਰ ਵੱਲੋ ਵੱਧ ਤੋਂ ਵੱਧ ਨੌਜਵਾਨਾਂ ਨੂੰ ਕਲੱਬਾਂ ਵਿੱਚ ਸ਼ਮੂਲੀਅਤ ਕਰਨ ਹਿੱਤ ਜਿੱਥੇ ਯੂਥ ਕਲੱਬਾਂ ਨੂੰ ਅਪਡੇਟ ਕੀਤਾ ਜਾ ਰਿਹਾ ਹੈ, ਉਥੇ ਨਵੇਂ ਕਲੱਬ ਬਣਾਏ ਜਾ ਰਹੇ ਹਨ ਅਤੇ ਕਲੱਬਾਂ ਦੀ ਮੈਂਬਰਸ਼ਿਪ ਵਿੱਚ ਵੀ ਵਾਧਾ ਕੀਤਾ ਜਾ ਰਹਾ ਹੈ ਤਾਂ ਜੋ ਵੱਧ ਤੋਂ ਵੱਧ ਨੌਜਵਾਨ ਯੁਵਾ ਗਤੀਵਿਧੀਆਂ ਨਾਲ ਜੁੜ ਕੇ ਸਮਾਜ ਦੇ ਵਿਕਾਸ ਅਤੇ ਸਮਾਜਿਕ ਬੁਰਾਈਆਂ ਨੂੰ ਦੂਰ ਕਰਨ ਵਿੱਚ ਆਪਣਾ ਯੋਗਦਾਨ ਪਾ ਸਕਣ।
ਜ਼ਿਲ੍ਹਾ ਯੂਥ ਕੋਆਰਡੀਨੇਟਰ ਨੇ ਦੱਸਿਆ ਕਿ ਇਸ ਦੌਰਾਨ ਅੰਤਰਰਾਜੀ ਆਨਲਾਈਨ ਪ੍ਰੋਗਰਾਮ ਵੀ ਕਰਵਾਏ ਜਾ ਰਹੇ ਹਨ, ਜਿਸ ਵਿੱਚ ਦੋ ਰਾਜਾਂ ਨੂੰ ਇੱਕ ਦੂਸਰੇ ਦਾ ਸਭਿਆਚਾਰ, ਭਾਸ਼ਾ, ਰਹਿਣ-ਸਹਿਣ, ਖੇਤੀਬਾੜੀ, ਹੋਰ ਕਿੱਤਿਆਂ ਆਦਿ ਬਾਰੇ ਜਾਣਕਾਰੀ ਮਿਲਦੀ ਹੈ। ਇਸ ਪ੍ਰੋਗਰਾਮ ਵਿੱਚ ਬਰਨਾਲਾ ਜ਼ਿਲ੍ਹੇ ਦੇ 30 ਨੌਜਵਾਨ ਭਾਗ ਲੇ ਰਹੇ ਹਨ ਅਤੇ ਇਸ ਵੈਬੀਨਾਰ ਦਾ ਦੂਜਾ ਪੜਾਅ ਮਿਤੀ 4 ਦਸੰਬਰ ਨੂੰ ਕਰਵਾਇਆ ਜਾ ਰਿਹਾ ਹੈ, ਜਿਸ ਵਿੱਚ ਪੰਜਾਬ ਦੇ ਨਾਲ ਆਂਧਰਾ ਪ੍ਰਦੇਸ਼ ਰਾਜ ਸ਼ਾਮਲ ਹੋ ਰਿਹਾ ਹੈ।
ਮੀਟਿੰਗ ਬਾਰੇ ਹੋਰ ਜਾਣਕਾਰੀ ਸਾਂਝੀ ਕਰਦਿਆਂ ਨਹਿਰੂ ਯੁਵਾ ਕਂੇਦਰ ਬਰਨਾਲਾ ਦੇ ਸੀਨੀਅਰ ਲੇਖਾਕਾਰ ਸੰਦੀਪ ਸਿੰਘ ਘੰਡ ਨੇ ਦੱਸਿਆ ਕਿ ਸਵੱਛਤਾ ਸਬੰਧੀ ਲੋਕਾਂ ਨੂੰ ਜਾਗਰੁਕ ਕਰਨ ਹਿੱਤ ਸਕੂਲਾਂ ਅਤੇ ਰਾਸ਼ਟਰੀ ਸੇਵਾ ਯੋਜਨਾ ਦੇ ਵਲੰਟੀਅਰਜ ਦੇ ਪੇਂਟਿੰਗ, ਭਾਸ਼ਣ, ਗੀਤ ਮੁਕਾਬਲੇ ਤੋਂ ਇਲਾਵਾ ਸੈਮੀਨਾਰ ਵੀ ਕਰਵਾਏ ਜਾ ਰਹੇ ਹਨ। ਇਸ ਤੋਂ ਇਲਾਵਾ ਫਿੱਟ ਇੰਡੀਆ ਮੁਹਿੰਮ ਤਹਿਤ ਵੀ ਨੌਜਵਾਨਾਂ ਵੱਲੋਂ ਇਨਡੋਰ ਅਤੇ ਆਊਟਡੋਰ ਖੇਡਾਂ ਕਰਵਾ ਕੇ ਨੌਜਵਾਨਾਂ ਨੂੰ ਮਾਨਸਿਕ ਅਤੇ ਸਰੀਰਕ ਤੌਰ ’ਤੇ ਤੰਦਰੁਸਤ ਰਹਿਣ ਲਈ ਪ੍ਰੇਰਿਤ ਕੀਤਾ ਜਾ ਰਿਹਾ ਹੈ। ਉਨ੍ਹਾਂ ਯੂਥ ਕਲੱਬਾਂ ਦੇ ਨੌਜਵਾਨਾਂ ਨੂੰ ਅਪੀਲ ਕੀਤੀ ਕਿ ਉਹ ਕਲੱਬਾਂ ਨੂੰ ਅਪਡੇਟ ਕਰਨ ਹਿੱਤ ਨਹਿਰੂ ਯੁਵਾ ਕੇਂਦਰ ਦੇ ਵਲੰਟੀਅਰਾਂ ਨੂੰ ਪੂਰਨ ਸਹਿਯੋਗ ਦੇਣ।
ਸੰਦੀਪ ਸਿੰਘ ਘੰਡ ਨੇ ਇਹ ਵੀ ਦੱਸਿਆ ਕਿ ਇਸ ਸਾਲ ਫਿੱਟ ਇੰਡੀਆ ਮੁਹਿੰਮ ਤਹਿਤ 2 ਬਲਾਕ ਪੱਧਰ ਅਤੇ ਇੱਕ ਜ਼ਿਲ੍ਹਾ ਪੱਧਰ ਦਾ ਟੂਰਨਾਮੈਂਟ ਵੀ ਕਰਵਾਇਆ ਜਾ ਰਿਹਾ ਹੈ।