ਸਬ ਡਵੀਜ਼ਨਲ ਹਸਪਤਾਲ ਤਪਾ ਦੇ ਮਾਹਰ ਡਾਕਟਰਾਂ ਦੀ ਟੀਮ ਕਿਸਾਨਾਂ ਦੀ ਦੇਖਭਾਲ ਲਈ ਦਿੱਲੀ ਰਵਾਨਾ ਪੀਸੀਐਮਐਸ ਐਸੋਸੀਏਸ਼ਨ ਵਲੋਂ ਡਾਕਟਰਾਂ ਦੀ ਟੀਮ ਦਿੱਲੀ ਗਏ ਕਿਸਾਨਾਂ ਦਾ ਕਰੇਗੀ ਮੁਫਤ ਚੈਕਅਪ
ਤਪਾ/
ਪੰਜਾਬ ਦੇ ਸਰਕਾਰੀ ਡਾਕਟਰਾਂ ਦੀ ਜਥੇਬੰਦੀ ਪੰਜਾਬ ਸਿਵਲ ਮੈਡੀਕਲ ਸਰਵਿਸ ਐਸੋਸੀਏਸ਼ਨ ਵਲੋਂ ਸਬ ਡਵੀਜ਼ਨਲ ਹਸਪਤਾਲ ਤਪਾ ਦੇ ਮਾਹਰ ਡਾਕਟਰਾਂ ਦੀ ਇਕ ਵਿਸ਼ੇਸ਼ ਟੀਮ ਐਂਬੂਲੈਂਸ ਸਮੇਤ ਦਿੱਲੀ ਵਿਖੇ ਅੰਦੋਲਨ ਕਰ ਰਹੇ ਕਿਸਾਨਾਂ ਦੀ ਦੇਖਭਾਲ ਅਤੇ ਜਰੂਰੀ ਮੈਡੀਕਲ ਸੇਵਾਵਾਂ ਦੇਣ ਲਈ ਰਵਾਨਾ ਹੋ ਗਈ ਹੈ। ਪੀਸੀਐਮਐਸ ਐਸੋਸੀਏਸ਼ਨ ਦੇ ਸੂਬਾ ਸਲਾਹਕਾਰ ਡਾ. ਜਸਵੀਰ ਸਿੰਘ ਔਲਖ ਨੇ ਕਿਹਾ ਕਿ ਠੰਡ ਦੇ ਮੌਸਮ ਵਿਚ ਆਪਣੇ ਹੱਕਾਂ ਲਈ ਡਟੇ ਕਿਸਾਨਾਂ ਦੀ ਮੱਦਦ ਅਤੇ ਉਨ੍ਹਾਂ ਦੀ ਤੰਦਰੁਸਤੀ ਦਾ ਖਿਆਲ ਰੱਖਦੇ ਹੋਏ ਡਾਕਟਰਾਂ ਦੀ ਇਹ ਟੀਮ ਮੁਫਤ ਚੈਕਅਪ ਤੇ ਦਵਾਈਆਂ ਦੇਵੇਗੀ। ਉਨ੍ਹਾਂ ਦੱਸਿਆ ਕਿ ਡਾਕਟਰਾਂ ਦੀ ਟੀਮ ਵਿਚ ਸਬ ਡਵੀਜ਼ਨਲ ਹਸਪਤਾਲ ਤਪਾ ਦੇ ਮਾਹਰ ਸਰਜਨ ਡਾ. ਗੁਰਪ੍ਰੀਤ ਸਿੰਘ ਮਾਹਲ, ਮੈਡੀਸਨ ਮਾਹਰ ਡਾ. ਸਤਿੰਦਰਪਾਲ ਸਿੰਘ ਬੁੱਟਰ ਤੇ ਅੱਖਾਂ ਦੇ ਮਾਹਰ ਡਾ. ਗੁਰਸਿਮਰਨਜੀਤ ਸਿੰਘ ਐਂਬੂਲੈਂਸ ਸਮੇਤ ਦਿੱਲੀ ਗਏ ਹਨ। ਡਾ. ਔਲਖ ਨੇ ਕਿਹਾ ਕਿ ਉਨ੍ਹਾਂ ਦੀ ਜਥੇਬੰਦੀ ਪੀਸੀਐਮਐਸ ਐਸੋਸੀਏਸ਼ਨ ਵਲੋਂ ਪਹਿਲਾਂ ਹੀ ਖੇਤੀ ਬਿਲਾਂ ਦਾ ਪੁਰਜ਼ੋਰ ਵਿਰੋਧ ਕਰਦਿਆਂ ਇੰਨ੍ਹਾਂ ਨੂੰ ਪੰਜਾਬ ਦੀ ਕਿਸਾਨੀ ਅਤੇ ਕਿਸਾਨ ਪਰਿਵਾਰਾਂ ਵਿਚੋਂ ਮੈਡੀਕਲ ਖੇਤਰ ਵਿਚ ਆਉਣ ਵਾਲੇ ਨੌਜਵਾਨਾਂ ਦੇ ਭਵਿੱਖ ਲਈ ਮਾਰੂ ਕਰਾਰ ਦਿੱਤਾ ਗਿਆ ਹੈ। ਉਨ੍ਹਾਂ ਕਿਹਾ ਕਿ ਅਜਿਹੇ ਸਮੇਂ ਪੰਜਾਬ ਦੇ ਸਰਕਾਰੀ ਡਾਕਟਰਾਂ ਦੀ ਜਥੇਬੰਦੀ ਪੰਜਾਬ ਸਿਵਲ ਮੈਡੀਕਲ ਸਰਵਿਸ ਐਸੋਸੀਏਸ਼ਨ ਸੰਘਰਸ਼ ਦੇ ਰਾਹ ਪਏ ਕਿਸਾਨਾਂ ਨਾਲ ਖੜੀ ਹੈ।