ਵਪਾਰ ਮੰਡਲ ਵੱਲੋਂ ਕਿਸਾਨਾਂ ਦੇ ਹੱਕ ‘ਚ ਸਮਰਥਨ ਅੱਜ ਤਪਾ ਸੰਪੂਰਨ ਬੰਦ ਦਾ ਐਲਾਨ
ਤਪਾ ਮੰਡੀ,7 ਦਸੰਬਰ (ਭੂਸ਼ਨ ਘੜੈਲਾ) ਕੇਂਦਰ ਸਰਕਾਰ ਵੱਲੋਂ ਕਿਸਾਨਾਂ ਦੇ ਉਲਟ ਪਾਸ ਕੀਤੇ ਗਏ ਖੇਤੀ ਕਾਨੂੰਨ ਖ਼ਿਲਾਫ਼ ਜਿੱਥੇ ਪੂਰੇ ਦੇਸ਼ ਦੇ ਕਿਸਾਨ ਲੜ੍ਹਾਈ ਲੜ ਰਹੇ ਹਨ ਉੱਥੇ ਅੰਦੋਲਨ ਦੌਰਾਨ ਕਿਸਾਨ ਜਥੇਬੰਦੀਆਂ ਵੱਲੋਂ ਦਿੱਤੇ 8 ਦਸੰਬਰ ਨੂੰ ਭਾਰਤ ਬੰਦ ਦੇ ਸੱਦੇ ਨੂੰ ਕਬੂਲ ਕਰਦਿਆਂ ਤਪਾ ਸ਼ਹਿਰ ਦੀਆਂ ਸਮੁੱਚੀਆਂ ਐਸੋਸੀਏਸ਼ਨਾਂ ਵੱਲੋਂ ਕਿਸਾਨਾਂ ਦੇ ਹੱਕ ‘ਚ ਦੁਕਾਨਾਂ ਬੰਦ ਰੱਖ ਕੇ ਸੰਪੂਰਨ ਬੰਦ ਦਾ ਐਲਾਨ ਕੀਤਾ ਹੈ। ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਵਪਾਰ ਮੰਡਲ ਤਪਾ ਦੇ ਪ੍ਰਧਾਨ ਦੀਪਕ ਬਾਂਸਲ,ਵਪਾਰ ਮੰਡਲ ਦੇ ਚੇਅਰਮੈਨ ਅਤੇ ਬਸਾਤੀ ਯੂਨੀਅਨ ਦੇ ਪ੍ਰਧਾਨ ਸੰਦੀਪ ਕੁਮਾਰ ਵਿੱਕੀ, ਕਰਿਆਨਾ ਐਸੋਸੀਏਸ਼ਨ ਦੇ ਪ੍ਰਧਾਨ ਮੋਹਨ ਲਾਲ ਗੋਗਾ,ਆਡ਼੍ਹਤੀਆ ਐਸੋਸੀਏਸ਼ਨ ਦੇ ਪ੍ਰਧਾਨ ਅਨੀਸ਼ ਕੁਮਾਰ ਮੌੜ ਅਤੇ ਸਰਾਫਾ ਸੰਘ ਦੇ ਪ੍ਰਧਾਨ ਅਜਯਪਾਲ ਸੂਰੀਆ ਤੋਂ ਇਲਾਵਾ ਹੋਰ ਵੱਖ ਵੱਖ ਟਰੇਡਰਜ਼ ਨਾਲ ਸਬੰਧਤ ਆਗੂਆਂ ਨੇ ਕਿਹਾ ਕਿ ਕਿਸਾਨ ਸਾਡੇ ਅੰਨਦਾਤੇ ਹਨ। ਉਨ੍ਹਾਂ ਕਿਹਾ ਕਿ ਕਿਸਾਨਾਂ ਦੇ ਡਰ ਨੂੰ ਦੂਰ ਕਰਨ ਦੀ ਜ਼ਰੂਰਤ ਹੈ ਕਿਉਂਕਿ ਇੱਕ ਸ਼ਕਤੀਸ਼ਾਲੀ ਲੋਕਤੰਤਰ ਹੋਣ ਦੇ ਨਾਤੇ ਸਾਨੂੰ ਇਹ ਯਕੀਨੀ ਬਣਾਉਣਾ ਚਾਹੀਦਾ ਹੈ ਤਾਂ ਜੋ ਇਸ ਗੰਭੀਰ ਸੰਕਟ ਨੂੰ ਜਲਦ ਤੋਂ ਜਲਦ ਹੱਲ ਕੀਤਾ ਜਾ ਸਕੇ।ਉਨ੍ਹਾਂ ਕਿਹਾ ਕਿ ਹੁਣ ਇਕੱਲਾ ਪੰਜਾਬ ਹੀ ਨਹੀਂ,ਬਲਕਿ ਬਾਹਰਲੇ ਮੁਲਕ ਦੇ ਲੋਕ ਵੀ ਇਨ੍ਹਾਂ ਕਾਨੂੰਨਾਂ ਦਾ ਵਿਰੋਧ ਕਰ ਰਹੇ ਹਨ,ਇਹ ਕਾਲੇ ਕਾਨੂੰਨ ਸਾਡੇ ਭਵਿੱਖ ਲਈ ਖ਼ਤਰਾ ਹਨ।ਇਸ ਮੌਕੇ ਕਰਿਆਨਾ ਐਸੋਸੀਏਸ਼ਨ ਦੇ ਚੇਅਰਮੈਨ ਭੂਸ਼ਨ ਘੜੈਲਾ, ਅਸ਼ੋਕ ਕੁਮਾਰ ਮਿੱਤਲ, ਪਰਵੀਨ ਰੂੜੇਕੇ ਵਾਲੇ,ਰਿੰਕਾ ਘੁੰਨਸ, ਰਿੰਪੀ ਭੈਣੀ, ਸਤੀਸ਼ ਕੁਮਾਰ ਤੀਸ਼ਾ,ਪ੍ਰਵੀਨ ਕੁਮਾਰ ਘੁੰਨਸ,ਰਾਜ ਕੁਮਾਰ ਪੱਖੋ,ਰਾਹੁਲ ਮਹਿਤਾ,ਪ੍ਰਦੀਪ ਮੌੜ ਆਦਿ ਮੌਜੂਦ ਸਨ।