ਲੱਖਾਂ ਲੋਕ ਥਾਂ-ਥਾਂ ਫੂਕਣ ਮੋਦੀ-ਸ਼ਾਹ ਤੇ ਅਡਾਨੀ-ਅੰਬਾਨੀ ਦੇ ਪੁਤਲੇ
ਬਠਿੰਡਾ; 4 ਦਸੰਬਰ- ਪਰਵਿੰਦਰ ਜੀਤ ਸਿੰਘ
ਕੇਂਦਰ ਦੀ ਮੋਦੀ ਸਰਕਾਰ ਵੱਲੋਂ ਪਾਸ ਕੀਤੇ ਖੇਤੀ ਨਾਲ ਸਬੰਧਤ ਤਿੰਨ ਕਾਲੇ ਕਾਨੂੰਨ, ਬਿਜਲੀ ਬਿੱਲ 2020, ਪਰਾਲੀ ਨਾਲ ਸਬੰਧਤ ਡਿਕਟੇਟਰਾਨਾ ਆਰਡੀਨੈਂਸ ਵਾਪਸ ਕਰਵਾਉਣ ਲਈ, ਚੱਲ ਰਹੇ ਕਿਸਾਨਾਂ ਦੇ ਘੋਲ ਨੂੰ ਹੋਰ ਤੇਜ ਕਰਨ ਅਤੇ ਕਾਰਪੋਰੇਟ ਘਰਾਣਿਆਂ ਦੀ ਲੁੱਟ ਤੋਂ ਦੇਸ਼ ਨੂੰ ਬਚਾਉਣ ਲਈ ਪੰਜ ਦਸੰਬਰ ਨੂੰ ਥਾਂ-ਥਾਂ ਪ੍ਰਧਾਨ ਮੰਤਰੀ ਮੋਦੀ ਤੇ ਉਸ ਦੇ ਜੋਟੀਦਾਰ ਅੰਡਾਨੀਆ ਤੇ ਅੰਬਾਨੀਆ ਦੇ ਪੁਤਲੇ ਫੂਕੇ ਜਾਣ ਦਾ ਦੇਸ਼ ਵਿਆਪੀ ਸੱਦਾ ਦਿੱਤਾ ਗਿਆ ਹੈ।
ਦੇਸ਼ ਭਰ ਦੀਆਂ ਕਿਸਾਨ ਜੱਥੇਬੰਦੀਆਂ ਅਤੇ ਕਿਸਾਨ ਸੰਘਰਸ਼ ਦਾ ਡਟਵਾਂ ਸਮਰਥਨ ਕਰ ਰਹੀਆਂ ਲੜਾਕੂ ਧਿਰਾਂ ਵੱਲੋਂ ਦਿੱਤੇ ਗਏ ਉਕਤ ਸੱਦੇ ਤਹਿਤ ਜਨਤਕ ਜੱਥੇਬੰਦੀਆਂ ਦਾ ਸਾਂਝਾ ਮੰਚ (ਜੇਪੀਐਮਓ) ਵਿੱਚ ਸ਼ਾਮਲ ਜਨਸੰਗਠਨਾਂ ਦੇ ਕਾਰਕੁੰਨਾਂ ਵਲੋਂ ਆਮ ਲੋਕਾਂ ਨੂੰ ਨਾਲ ਲੈ ਕੇ ਸ਼ਹਿਰਾਂ ਦੇ ਮੁਹੱਲਿਆਂ ਅਤੇ ਪਿੰਡਾਂ ਵਿੱਚ ਮੋਦੀ-ਸ਼ਾਹ ਤੇ ਅਡਾਨੀ-ਅੰਬਾਨੀ ਦੇ ਪੁਤਲੇ ਫੂਕ ਕੇ ਰੋਸ ਪ੍ਰਦਰਸ਼ਨ ਕੀਤੇ ਜਾਣਗੇ।
ਇਹ ਜਾਣਕਾਰੀ ਅੱਜ ਇਥੋਂ ਜਾਰੀ ਇੱਕ ਬਿਆਨ ਰਾਹੀਂ ਜੇਪੀਐਮਓ ਦੇ ਸੂਬਾਈ ਕਨਵੀਨਰਾਂ ਸਾਥੀ ਗੁਰਨਾਮ ਸਿੰਘ ਦਾਊਦ, ਨੱਥਾ ਸਿੰਘ ਡਡਵਾਲ, ਕੁਲਵੰਤ ਸਿੰਘ ਸੰਧੂ, ਸਤੀਸ਼ ਰਾਣਾ, ਪਰਮਜੀਤ ਸਿੰਘ ਲੁਧਿਆਣਾ, ਨੀਲਮ ਘੁਮਾਣ, ਸ਼ਮਸ਼ੇਰ ਸਿੰਘ ਬਟਾਲਾ, ਮਨਜਿੰਦਰ ਢੇਸੀ ਨੇ ਦਿੱਤੀ।
ਆਗੂਆਂ ਨੇ ਐਲਾਨ ਕੀਤਾ ਕਿ ਉਕਤ ਰੋਸ ਐਕਸ਼ਨਾਂ ਰਾਹੀਂ ਮੋਦੀ ਸਰਕਾਰ ਦੀ ਹੱਕੀ ਕਿਸਾਨ ਘੋਲ ਖਿਲਾਫ਼ ਅਪਣਾਈ ਗਈ ਮੁਜ਼ਰਮਾਨਾ ਪਹੁੰਚ ਖਿਲਾਫ਼ ਦੇਸ਼ ਵਾਸੀਆਂ ਨੂੰ ਆਰ-ਪਾਰ ਦੇ ਸੰਘਰਸ਼ ਵਿੱਢਣ ਦਾ ਸੱਦਾ ਦਿੱਤਾ ਜਾਵੇਗਾ। ਉਨ੍ਹਾਂ ਕਿਹਾ ਕਿ ਦੇਸ਼ ਦੀ ਦੋ ਤਿਹਾਈ ਵਸੋਂ ਦੇ ਗੁਜਾਰੇ ਦੇ ਸਾਧਨ ਖੇਤੀ ਧੰਦੇ ਨੂੰ ਦੇਸੀ-ਵਿਦੇਸ਼ੀ ਕਾਰਪੋਰੇਟ ਬਘਿਆੜਾਂ ਦੇ ਹਵਾਲੇ ਕਰਨ ਵਾਲੇ ਉਕਤ ਕਾਨੂੰਨ ਨਾ ਕੇਵਲ ਦੇਸ਼ ਦੇ ਅਰਥਚਾਰੇ ਨੂੰ ਤਬਾਹ ਕਰਨ ਵਾਲੇ, ਮਹਿੰਗਾਈ ਬੇਰੁਜ਼ਗਾਰੀ ਭੁੱਖਮਰੀ ‘ਚ ਅੰਤਾਂ ਦਾ ਵਾਧਾ ਕਰਨ ਵਾਲੇ ਹਨ ਬਲਕਿ ਦੇਸ਼ ਦੀ ਸੰਪ੍ਭੁਤਾ ਦਾ ਸਾਮਰਾਜੀ ਦੇਸ਼ਾਂ ਕੋਲ ਸਮਰਪਣ ਕਰਨ ਵਾਲੇ ਵੀ ਹਨ।
ਉਨ੍ਹਾਂ ਸਮੂਹ ਭਾਰਤ ਵਾਸੀਆਂ ਨੂੰ ਉਕਤ ਦੇਸ਼ ਭਗਤਕ ਸੰਗਰਾਮ ਵਿੱਚ ਵਧ ਚੜ੍ਹ ਕੇ ਸ਼ਾਮਲ ਹੋਣ ਦੀ ਅਪੀਲ ਵੀ ਕੀਤੀ।