‘ਮੈਂ ਸਰਹੱਦ ਬੋਲਦੀ ਹਾਂ’ ਦਾ ਲੋਕ ਅਰਪਣ
ਬਰਨਾਲਾ 07, ਦਸੰਬਰ (ਚੰਡਿਹੋਕ), ਬੀਤੇ ਦਿਨੀਂ ਮਾਲਵਾ ਸਾਹਿਤ ਸਭਾ (ਰਜਿ.) ਬਰਨਾਲਾ ਵਲੋਂ ਸਾਹਿਤ ਨੂੰ ਉਤਸ਼ਾਹਿਤ ਕਰਨ ਦੇ ਮਕਸਦ ਨਾਲ ਸਥਾਨਕ ਤਰਕਸ਼ੀਲ ਭਵਨ, ਬਰਨਾਲਾ ਵਿਖੇ ਪੰਜਾਬੀ ਗੀਤਕਾਰ ਅਤੇ ਗਾਇਕ ਪੰਜਾਬੀ ਕਵੀ ਗਮਦੂਰ ਸਿੰਘ ਰੰਗੀਲਾ ਦੀ ਪਲੇਠੀ ਕਾਵਿ ਪੁਸਤਕ ‘ਮੈਂ ਸਰਹੱਦ ਬੋਲਦੀ ਹਾਂ’ ਦਾ ਲੋਕ ਅਰਪਣ ਕੀਤਾ ਗਿਆ। ਪ੍ਰਧਾਨਗੀ ਮੰਡਲ ਵਿੱਚ ਵਿਦਵਾਨ ਸਾਹਿਤਕਾਰ ਡਾ. ਜੋਗਿੰਦਰ ਸਿੰਘ ਨਿਰਾਲਾ, ਬਲਦੇਵ ਸਿੰਘ ਸੜਕਨਾਮਾ, ਸਾਬਕਾ ਮੈਂਬਰ ਪਾਰਲੀਮੈਂਟ ਰਾਜਦੇਵ ਸਿੰਘ ਖਾਲਸਾ, ਗਮਦੂਰ ਸਿੰਘ ਰੰਗੀਲਾ, ਪ੍ਰੋ. ਰਵਿੰਦਰ ਭੱਠਲ, ਓਮ ਪ੍ਰਕਾਸ਼ ਗਾਸੋ, ਸਾਬਕਾ ਸੁਪਰਡੰਟ ਜੇਲ੍ਹ ਕੁਲਵੰਤ ਸਿੰਘ ਚੋਹਾਨ, ਪੰਜਾਬੀ ਸਾਹਿਤ ਸਭਾ ਦੇ ਪ੍ਰਧਾਨ ਪਰਮਜੀਤ ਸਿੰਘ ਮਾਨ, ਮਾਲਵਾ ਸਾਹਿਤ ਸਭਾ ਦੇ ਪ੍ਰਧਾਨ ਡਾ. ਸੰਪੂਰਨ ਸਿੰਘ ਟੱਲੇਵਾਲੀਆ ਅਤੇ ਸੁਰਿੰਦਰਪ੍ਰੀਤ ਘਣੀਆ ਸ਼ਾਮਲ ਸਨ।
ਸਾਹਿਤ ਅਕਾਦਮੀ ਲੁਧਿਆਣਾ ਦੇ ਪ੍ਰਧਾਨ ਪ੍ਰੋ. ਰਵਿੰਦਰ ਸਿੰਘ ਭੱਠਲ ਨੇ ਕਿਹਾ ਕਿ ਗਮਦੂਰ ਰੰਗੀਲਾ ਕੋਲ ਗਹਿਰੇ ਅਹਿਸਾਸ ਅਤੇ ਗੰਭੀਰ ਸੋਚ ਹੈ। ਉਸ ਪਾਸ ਪੰਜਾਬੀ ਵਿਰਸੇ ਨਾਲ ਜੁੜੀ ਸ਼ਬਦਾਵਲੀ ਦਾ ਭਰਪੂਰ ਭੰਡਾਰ ਹੈ, ਵਰਤਮਾਨ ਹਾਲਾਤਾਂ ਅਤੇ ਸੱਮਸਿਆਵਾਂ ਪ੍ਰਤੀ ਉਹ ਚੇਤਨ ਅਤੇ ਚਿੰਤਤ ਹੈ। ਪ੍ਰਸਿਧ ਨਾਵਲਕਾਰ ਬਲਦੇਵ ਸਿੰਘ ਸੜਕਨਾਮਾ ਨੇ ਕਿਹਾ ਕਿ ਰੰਗੀਲਾ ਆਪਣੀਆਂ ਕਵਿਤਾਵਾਂ ਵਿੱਚ ਵਿਲੱਖਣ ਕਿਸਮ ਦੀ ਇਬਾਰਤ ਬਣਕੇ ਪਰਤ ਦਰ ਪਰਤ ਕਿਸੇ ਰਹੱਸ ਦੀ ਤਰਜ਼ਮਾਨੀ ਕਰਦਾ ਜਾਪਦਾ ਹੈ। ਉਸਦੇ ਇਸ ਅੰਦਾਜ਼ ਨੂੰ ਸਾਰਥਕ ਸੁਨੇਹੇ ਵਜੋਂ ਸਵੀਕਾਰ ਕੀਤਾ ਜਾ ਸਕਦਾ ਹੈ। ਸਾਬਕਾ ਮੈਂਬਰ ਪਾਰਲੀਮੈਂਟ ਰਾਜਦੇਵ ਸਿੰਘ ਖਾਲਸਾ ਨੇ ਗਮਦੂਰ ਦੀਆਂ ਰਚਨਾਵਾਂ ਨੂੰ ਮਨੂੱਖ ਨੂੰ ਆਸ਼ਾਵਾਦੀ ਬਣਾਉਣ ਦੀ ਸਮਰੱਥਾ ਰੱਖਣ ਵਾਲੀਆਂ ਦੱਸਿਆ। ਡਾ. ਸੰਪੂਰਨ ਸਿੰਘ ਟੱਲੇਵਾਲੀਆ ਨੇ ਕਿਹਾ ਕਿ ਪੁਸਤਕ ਵਿਚਲੀਆਂ ਰਚਨਾਵਾਂ ਮਨੁੱਖ ਦੀ ਅੰਦਰੂਨੀ ਚੇਤਨਤਾ ਨੂੰ ਪ੍ਰਭਾਵਿਤ ਕਰਦੀਆਂ ਹਨ। ਇਹਨਾਂ ਤੋਂ ਇਲਾਵਾ ਓਮ ਪ੍ਰਕਾਸ਼ ਗਾਸੋ, ਮੇਘ ਰਾਜ ਮਿੱਤਰ, ਸੁਰਿੰਦਰਪ੍ਰੀਤ ਘਣੀਆ, ਡਾ. ਜੋਗਿੰਦਰ ਸਿੰਘ ਨਿਰਾਲਾ, ਜੁਗਰਾਜ ਧੌਲਾ, ਸਾਗਰ ਸਿੰਘ ਸਾਗਰ, ਭੋਲਾ ਸਿੰਘ ਸੰਘੇੜਾ, ਤਰਸੇਮ, ਡਾ. ਭੁਪਿੰਦਰ ਸਿੰਘ ਬੇਦੀ, ਪਰਮਜੀਤ ਮਾਨ, ਤਰਸਪਾਲ ਕੌਰ, ਕੁਲਵੰਤ ਸਿੰਘ ਅਤੇ ਅਮਨਦੀਪ ਸਿੰਘ ਟੱਲੇਵਾਲੀਆ ਨੇ ਆਪੋ ਆਪਣੇ ਵਿਚਾਰ ਪੇਸ਼ ਕੀਤੇ। ਸਭਾ ਵਲੋਂ ਕਵੀ ਗਮਦੂਰ ਸਿੰਘ ਰੰਗੀਲਾ ਦਾ ਸਨਮਾਨ ਵੀ ਕੀਤਾ ਗਿਆ। ਉਪਰੰਤ ਜਗਤਾਰ ਬੈਂਸ, ਰਾਮ ਸਰੂਪ ਸ਼ਰਮਾ, ਮਾਲਵਿੰਦਰ ਸ਼ਾਇਰ, ਡਾ. ਸੁਰਿੰਦਰ ਭੱਠਲ, ਹਾਕਮ ਸਿੰਘ ਰੂੜੇਕੇ, ਸੁਖਵਿੰਦਰ ਸੁਨੇਹ, ਰਾਜਿੰਦਰ ਸ਼ੌਂਕੀ, ਰਘਬੀਰ ਸਿੰਘ ਕੱਟੂ, ਅਸ਼ੋਕ ਚੁਟਾਨੀ, ਸਰੂਪ ਚੰਦ ਹਰੀਗੜ੍ਹ, ਉਂਕਾਰ ਸਿੰਘ, ਮੇਜਰ ਸਿੰਘ ਰਾਜਗੜ੍ਹ ਆਦਿ ਨੇ ਆਪਣੇ ਆਪਣੇ ਕਲਾਮ ਪੇਸ਼ ਕੀਤੇ।