ਭਾਰਤ ਬੰਦ ਦੇ ਸੱਦੇ ਤਹਿਤ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਦੀ ਅਗਵਾਈ ਵਿੱਚ ਅੱਜ 7 ਥਾਂਈਂ ਸੜਕਾਂ ਅਤੇ ਦੋ ਥਾਂਈਂ ਰੇਲਵੇ ਟਰੈਕ ਉੱਪਰ ਧਰਨਾ ਦੇ ਕੇ ਆਵਾਜਾਈ ਠੱਪ ਕੀਤੀ ਗਈ
ਬਠਿੰਡਾ (ਪਰਵਿੰਦਰ ਜੀਤ ਸਿੰਘ) ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਵੱਲੋਂ ਭਾਰਤ ਬੰਦ ਦੇ ਸੱਦੇ ਤਹਿਤ ਅੱਜ ਸੱਤ ਥਾਂਈਂ ਬਠਿੰਡਾ ਬਾਦਲ ਰੋਡ ਤੇ ਘੁੱਦਾ, ਬਠਿੰਡਾ ਅੰਮ੍ਰਿਤਸਰ ਰੋਡ ਤੇ ਜੀਦਾ ,ਬਠਿੰਡਾ ਚੰਡੀਗੜ੍ਹ ਰੋਡ ਤੇ ਲਹਿਰਾ ਬੇਗਾ , ਬਾਜਾਖਾਨਾ ਬਰਨਾਲਾ ਰੋਡ ਤੇ ਭਗਤਾ, ਭੁੱਚੋ ਮੰਡੀ ਭਗਤਾ ਰੋਡ ਤੇ ਨਥਾਣਾ ,ਬਠਿੰਡਾ ਸਰਦੂਲਗੜ੍ਹ ਰੋਡ ਤੇ ਤਲਵੰਡੀ ਸਾਬੋ
,ਬਠਿੰਡਾ ਹਾਈਵੇ ਤੇ ਰਿਲਾਇੰਸ ਮਾਲ ਕੋਲ਼ ਅਤੇ ਦੋ ਥਾਂਈਂ ਬਠਿੰਡਾ ਅੰਬਾਲਾ ਟਰੈਕ ਤੇ ਰਾਮਪੁਰਾ ਸ਼ਹਿਰ ਵਿੱਚ ਫਾਟਕ ਤੇ ਅਤੇ ਫਿਰੋਜ਼ਪੁਰ ਦਿੱਲੀ ਟਰੈਕ ਤੇ ਓਵਰ ਬ੍ਰਿਜ ਦੇ ਥੱਲੇ ਮੌੜ ਮੰਡੀ ਟ੍ਰੈਕ ਉੱਪਰ ਧਰਨਾ ਦੇ ਕੇ ਆਵਾਜਾਈ ਠੱਪ ਕੀਤੀ ਗਈ। ਹਜ਼ਾਰਾਂ ਦੀ ਗਿਣਤੀ ਵਿੱਚ ਜੁੜੇ ਹੋਏ ਇਕੱਠ ਵਿੱਚ ਔਰਤਾਂ, ਨੌਜਵਾਨਾਂ ਅਤੇ ਸਥਾਨਕ ਦੁਕਾਨਦਾਰਾਂ ਵੱਲੋਂ ਵੀ ਵਿਸ਼ੇਸ਼ ਤੌਰ ਤੇ ਸ਼ਮੂਲੀਅਤ ਕੀਤੀ ਗਈ। ਇਸ ਮੌਕੇ ਜੁੜੇ ਇਕੱਠ ਨੂੰ ਸੰਬੋਧਨ ਕਰਦਿਆ ਕਿਸਾਨ ਆਗੂ ਦਰਸ਼ਨ ਸਿੰਘ ਮਾਈਸਰਖਾਨਾ , ਮੋਠੂ ਸਿੰਘ ਕੋਟੜਾਅਤੇ ਜਗਸੀਰ ਸਿੰਘ ਝੁੰਬਾ ਨੇ ਕਿਹਾ ਕਿ ਕਾਲੇ ਖੇਤੀ ਕਾਨੂੰਨਾਂ ਵਿਰੁੱਧ ਚੱਲ ਰਿਹਾ ਘੋਲ ਲੋਕ ਘੋਲ ਵਿੱਚ ਵਟ ਚੁੱਕਾ ਹੈ। ਇਸ ਘੋਲ ਨੂੰ ਦੇਸਾਂ-ਬਦੇਸਾਂ ਵਿਚਲੇ ਲੋਕਾਂ ਵੱਲੋਂ ਵੀ ਭਰਵਾਂ ਸਮਰਥਨ ਮਿਲ ਰਿਹਾ ਹੈ।ਮੋਦੀ ਸਰਕਾਰ ਦਾ ਕਾਰਪੋਰੇਟ ਪੱਖੀ ਪ੍ਰੇਮ ਇਸ ਹੱਦ ਤੱਕ ਹੈ ਕਿ ਏਨਾਂ ਲੋਕ ਵਿਰੋਧ ਸਹੇੜਨ ਦੇ ਬਾਵਜੂਦ ਵੀ ਸਰਕਾਰ ਕਾਨੂੰਨ ਰੱਦ ਕਰਨ ਲਈ ਤਿਆਰ ਨਹੀਂ ਹੈ।ਪਰ ਪੰਜਾਬ ਦੇ ਨਾਲ ਮੁਲਕ ਦੇ ਹੋਰਨਾਂ ਸੂਬਿਆਂ ਵੱਲੋਂ ਵੀ ਲਗਾਤਾਰ ਵੱਡੀ ਗਿਣਤੀ ਵਿਚ ਦਿੱਲੀ ਮੋਰਚੇ ਵਿੱਚ ਸ਼ਾਮਲ ਹੋਣਾ ਘੋਲ ਨੂੰ ਤਕੜਾਈ ਹੀ ਬਖਸ਼ ਰਿਹਾ ਹੈ।ਸਰਕਾਰ ਦੀ ਢੀਠਤਾਈ ਇਥੋਂ ਤਕ ਹੈ ਕਿ ਲੋਕਾਂ ਨੂੰ ਠੰਡ ਕਾਰਨ ਵਾਪਸ ਮੁੜਨ ਦੀਆਂ ਬੇਨਤੀਆਂ ਕੀਤੀਆਂ ਜਾ ਰਹੀਆਂ ਹਨ ਪ੍ਰੰਤੂ ਕਾਨੂੰਨ ਵਾਪਸ ਲੈਣ ਦੀ ਥਾਂ ਚਰਚਾ ਕਰਕੇ ਸਮਾਂ ਟਪਾਉਣ ਦਾ ਪੈਂਤੜਾ ਲਿਆ ਜਾ ਰਿਹਾ ਹੈ। ਜਗਦੇਵ ਸਿੰਘ ਜੋਗੇਵਾਲਾ ਨੇ ਕਿਹਾ ਕਿ ਸਰਕਾਰ ਇਸ ਅੰਦੋਲਨ ਨੂੰ ਵੱਖ ਵੱਖ ਬਹਾਨਿਆਂ ਹੇਠ ਤਾਰਪੀਡੋ ਕਰਨਾ ਚਾਹੁੰਦੀ ਹੈ। ਪਰ ਮੁਲਕ ਦੇ ਨੌਜਵਾਨਾਂ ਨੇ ਜੋਸ਼ ਅਤੇ ਹੋਸ਼ ਦਾ ਸਬੂਤ ਦਿੱਤਾ ਹੈ ਉਹ ਕਾਬਲ ਏ ਤਰੀਫ਼ ਹੈ। ਇਸ ਤਰ੍ਹਾਂ ਡਟੇ ਰਹਿਣ ਨਾਲ ਹੀ ਮੋਦੀ ਹਕੂਮਤ ਨੂੰ ਝੁਕਾਇਆ ਜਾ ਸਕਦਾ ਹੈ।ਅੱਜ ਦੇ ਧਰਨੇ ਦੌਰਾਨ ਕਾਲਾਝਾੜ ਟੋਲ ਪਲਾਜ਼ਾ ਤੇ ਸ਼ਹੀਦ ਹੋਈ ਮਾਤਾ ਗੁਰਦੇਵ ਕੌਰ ਅਤੇ ਇਸ ਮੋਰਚੇ ਦੇ ਸ਼ਹੀਦਾਂ ਨੂੰ ਸ਼ਰਧਾਂਜਲੀ ਵੀ ਭੇਟ ਕੀਤੀ ਗਈ।ਸ਼ਹੀਦ ਲਖਬੀਰ ਸਿੰਘ ਪਿੰਡ ਲਾਲੇਆਣਾ ਦੇ ਪਰਿਵਾਰ ਨੂੰ ਮੁਆਵਜ਼ਾ ਦਿਵਾਉਣ ਲਈ ਚੱਲ ਰਹੇ ਸੰਘਰਸ਼ ਚਕੱਲ ਰਾਤ ਤਲਵੰਡੀ ਸਾਬੋ ਦੇ ਪ੍ਰਸ਼ਾਸਨ ਵੱਲੋਂ ਧੱਕਾ-ਮੁੱਕੀ ਅਤੇ ਗਾਲੀ-ਗਲੋਚ ਦੇ ਵਿਹਾਰ ਦੀ ਨਿੰਦਾ ਵੀ ਕੀਤੀ ਗਈ। ਬੁਲਾਰਿਆਂ ਨੇ ਕਿਹਾ ਕਿ ਪੰਜਾਬ ਸਰਕਾਰ ਦੇ ਅਜਿਹੇ ਦੋਗਲੇ ਵਿਹਾਰ ਦਾ ਭਾਂਡਾ ਚੁਰਾਹੇ ਭੰਡਿਆ ਜਾਵੇਗਾ ਅਤੇ ਲੋਕ ਸ਼ਕਤੀ ਤੇ ਜ਼ੋਰ ਸਹੀਦ ਹੋਏ ਸਾਥੀਆਂ ਲਈ ਸਹਾਇਤਾ ਰਾਸ਼ੀ, ਸਰਕਾਰੀ ਨੌਕਰੀ ਅਤੇ ਕਰਜ਼ਾ ਮੁਆਫੀ ਕਰਵਾਈ ਜਾਵੇਗੀ। ਅੱਜ ਦੇ ਇਕੱਠ ਨੂੰ ਸੁਖਜੀਤ ਸਿੰਘ ਕੋਠਾ ਗੁਰੂ, ਪਾਲਾ ਸਿੰਘ ਕੋਠਾ ਗੁਰੂ , ਸੁਖਦੇਵ ਸਿੰਘ ਰਾਮਪੁਰਾ , ਬਲਜੀਤ ਸਿੰਘ ਪੂਹਲਾ, ਸਿਮਰਾ ਸਿੰਘ ਚੱਕ ਫਤਹਿ ਸਿੰਘ ਵਾਲਾ , ਗੁਰਪਾਲ ਸਿੰਘ ਦਿਉਣ, ਧਰਮਪਾਲ ਸਿੰਘ ਜੰਡੀਆਂ , ਬਿੰਦਰ ਸਿੰਘ ਜੋਗੀ ਵਾਲਾ ਜੋਗੇਵਾਲਾ ਤੋਂ ਇਲਾਵਾ ਅਧਿਆਪਕਾਂ, ਠੇਕਾ ਸੰਘਰਸ਼ ਮੋਰਚਾ, ਨੌਜਵਾਨ ਭਾਰਤ ਸਭਾ, ਪੀ ਐੱਸ ਯੂ ਸ਼ਹੀਦ ਰੰਧਾਵਾ, ਉੱਘੇ ਗਾਇਕਾਂ ਸਮੇਤ ਹੋਰ ਭਰਾਤਰੀ ਜਥੇਬੰਦੀਆਂ ਦੇ ਆਗੂਆਂ ਵੀ ਸੰਬੋਧਨ ਕੀਤਾ। ਲੋਕ ਪੱਖੀ ਗਾਇਕਾਂ ਅਤੇ ਕਵੀਸ਼ਰੀ ਜਥਿਆਂ ਵੱਲੋਂ ਗੀਤ ਅਤੇ ਕਵੀਸ਼ਰੀਆਂ ਪੇਸ਼ ਕੀਤੀਆਂ ਗਈਆਂ