ਭਾਰਤੀ ਕਿਸਾਨ ਯੂਨੀਅਨ ਏਕਤਾ(ਉਗਰਾਹਾਂ)ਨੇ ਮੋਦੀ ਸਰਕਾਰ ਦੀਆਂ ਅਰਥੀਆਂ ਸਾੜੀਆਂ
ਭਾਰਤੀ ਕਿਸਾਨ ਯੂਨੀਅਨ ਏਕਤਾ(ਉਗਰਾਹਾਂ)ਨੇ ਮੋਦੀ ਸਰਕਾਰ ਦੀਆਂ ਅਰਥੀਆਂ ਸਾੜੀਆਂ
ਬਠਿੰਡਾ (ਪਰਵਿੰਦਰ ਜੀਤ ਸਿੰਘ) ਭਾਰਤ ਦੀਆਂ ਸਮੁੱਚੀਆਂ ਕਿਸਾਨ ਜਥੇਬੰਦੀਆਂ ਦੇ ਸੱਦੇ ਤੇ ਅੱਜ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਵੱਲੋਂ ਜ਼ਿਲ੍ਹਾ ਬਠਿੰਡਾ ਦੇ 52 ਪਿੰਡਾਂ ਵਿੱਚ ਮੋਦੀ ਸਰਕਾਰ ਦੀਆਂ ਅਰਥੀਆਂ ਫੂਕੀਆਂ ਗਈਆਂ ।ਇਨ੍ਹਾਂ ਅਰਥੀ ਫੂਕ ਮੁਜ਼ਾਹਰਿਆਂ ਵਿਚ ਔਰਤਾਂ, ਕਿਸਾਨਾਂ ਅਤੇ ਮਜ਼ਦੂਰਾਂ ਵੱਲੋਂ ਭਰਵੀਂ ਸ਼ਮੂਲੀਅਤ ਕੀਤੀ ਗਈ। ਇਸ ਮੌਕੇ ਜੁੜੇ ਲੋਕਾਂ ਦੇ ਇਕੱਠਾਂ ਨੂੰ ਸੰਬੋਧਨ ਕਰਦਿਆਂ ਭਾਰਤੀ ਕਿਸਾਨ ਯੂਨੀਅਨ ਏਕਤਾ(ਉਗਰਾਹਾਂ) ਦੇ ਜ਼ਿਲ੍ਹਾ ਆਗੂ ਹਰਜਿੰਦਰ ਸਿੰਘ ਬੱਗੀ, ਦਰਸ਼ਨ ਸਿੰਘ ਮਾਈਸਰਖਾਨਾ ਅਤੇ ਜਗਸੀਰ ਸਿੰਘ ਝੁੰਬਾ ਨੇ ਕਿਹਾ ਕਿ ਮੋਦੀ ਸਰਕਾਰ ਕਿਸਾਨਾਂ ਦੇ ਸਬਰ ਅਤੇ ਸਿਦਕ ਦੀ ਪਰਖ ਕਰ ਰਹੀ ਹੈ, ਪਰ ਕਿਸਾਨ ਹਰ ਹਾਲਤ ਵਿਚ ਇਸ ਮੋਰਚੇ ਵਿੱਚੋਂ ਜੇਤੂ ਹੋ ਕੇ ਨਿਕਲਣਗੇ ।ਮੋਦੀ ਸਰਕਾਰ ਨੇ ਕਿਸਾਨਾਂ ਨੂੰ ਥਕਾ ਕੇ-ਹੰਭਾ ਕੇ ਘੋਲ ਖ਼ੁਦ ਬਖ਼ੁਦ ਸਮਾਪਤ ਹੋ ਜਾਣ ਦਾ ਭਰਮ ਪਾਲਿਆ ਸੀ ਪਰ ਮਹੀਨਿਆਂਬੱਧੀ ਲੰਬੇ ਇਨ੍ਹਾਂ ਸੰਘਰਸ਼ਾਂ ਵਿੱਚ ਲੋਕਾਂ ਦੀ ਜਾਰੀ ਰਹਿ ਰਹੀ ਸ਼ਮੂਲੀਅਤ ਨੇ ਮੋਦੀ ਸਰਕਾਰ ਦੀਆਂ ਸਾਰੀਆਂ ਵਿਉਂਤਾਂ ਫੇਲ੍ਹ ਕਰ ਦਿੱਤੀਆਂ ਹਨ।ਹੁਣ ਸਮੁੱਚੇ ਭਾਰਤ ਦੇ ਲੋਕਾਂ ਦੀ ਇਸ ਘੋਲ ਵਿੱਚ ਵਧ ਰਹੀ ਸ਼ਮੂਲੀਅਤ ਅਤੇ ਦਿੱਲੀ ‘ਚ ਮੋਰਚਾ ਲੱਗ ਜਾਣ ਦੇ ਦਬਾਅ ਕਾਰਨ ਮੋਦੀ ਹਕੂਮਤ ਨੂੰ ਕਿਸਾਨ ਜਥੇਬੰਦੀਆਂ ਨਾਲ ਗੱਲਬਾਤ ਕਰਨ ਲਈ ਮਜਬੂਰ ਹੋਣਾ ਪਿਆ ਹੈ।ਸਰਕਾਰ ਵੱਲੋਂ ਗੱਲਬਾਤ ਰਾਹੀਂ ਵੀ ਘੋਲ ਨੂੰ ਲਮਕਾ ਦੇਣ ਦਾ ਰੁਖ ਅਖਤਿਆਰ ਕੀਤਾ ਵਿਖਾਈ ਦੇ ਰਿਹਾ ਹੈ ਜਿਸ ਕਰਕੇ ਸਮੁੱਚੇ ਮੁਲਕ ਦੀਆਂ ਕਿਸਾਨ ਜਥੇਬੰਦੀਆਂ ਵੱਲੋਂ ਅੱਜ ਪੂਰੇ ਭਾਰਤ ਵਿੱਚ ਮੋਦੀ ਸਰਕਾਰ ਦੀਆਂ ਅਰਥੀਆਂ ਸਾੜਨ ਦਾ ਐਲਾਨ ਕੀਤਾ ਗਿਆ ਹੈ । ਉਨ੍ਹਾਂ ਕਿਹਾ ਕਿ ਪਿੰਡਾਂ ਵਿਚੋਂ ਦਿੱਲੀ ਧਰਨੇ ਤੇ ਗਏ ਹੋਏ ਕਿਸਾਨਾਂ ਦੇ ਹੌਸਲੇ ਹਰਿਆਣਾ ਦੇ ਲੋਕਾਂ ਦੇ ਮਿਲ ਰਹੇ ਸਮਰਥਨ ਕਾਰਨ ਚੌਗਣੇ ਹੋ ਗਏ ਹਨ ।ਪਿੰਡਾਂ ਵਿੱਚੋਂ ਤੀਜੇ-ਤੀਜੇ ਜਥੇ ਦਿੱਲੀ ਲਈ ਰਵਾਨਾ ਹੋ ਚੁੱਕੇ ਹਨ ਮੋਰਚੇ ਵਿਚ ਇਕੱਠ ਨਿਰੰਤਰ ਵਧ ਰਿਹਾ ਹੈ ।ਦਿੱਲੀ ਮੋਰਚੇ ਵਿਚ ਸ਼ਾਮਲ ਹੋ ਰਹੇ ਲੋਕਾਂ ਦੇ ਪਿਛੇ ਘਰ ਅਤੇ ਖੇਤੀਬਾੜੀ ਦੇ ਕੰਮ ਪਿੰਡ ਦੇ ਲੋਕਾਂ ਵੱਲੋਂ ਓਟੇ ਜਾ ਰਹੇ ਹਨ। ਇਸ ਸੰਘਰਸ਼ ਨੂੰ ਦੇਸਾਂ- ਵਿਦੇਸ਼ਾਂ ਵਿੱਚੋਂ ਮਿਲ ਰਹੇ ਸਮਰਥਨ ਕਰਕੇ ਇਹ ਘੋਲ ਲੋਕ ਲਹਿਰ ਬਣਦਾ ਜਾ ਰਿਹਾ ਹੈ ।ਇਸ ਕਰਕੇ ਹੁਣ ਲੋਕ ਇਹ ਬਿਲ ਵਾਪਸ ਕਰਵਾ ਕੇ ਹੀ ਦਮ ਲੈਣਗੇ ਉਨ੍ਹਾਂ ਲੋਕਾਂ ਨੂੰ ਸੱਦਾ ਦਿੱਤਾ 8 ਦਸੰਬਰ ਦੇ ਭਾਰਤ ਬੰਦ ਦੇ ਸੱਦੇ ਨੂੰ ਪੰਜਾਬ ਬੰਦ ਦੇ ਸੱਦੇ ਵਾਂਗ ਹੀ ਸਫਲ ਬਣਾਉਣ ।