ਬਰਨਾਲਾ ਨੂੰ ਸਵੱਛਤਾ ਪੱਖੋਂ ਮੋਹਰੀ ਬਣਾਉਣ ਲਈ ਉਪਰਾਲੇ ਜ਼ੋਰਾਂ ’ਤੇ: ਡਿਪਟੀ ਕਮਿਸ਼ਨਰ *ਕੂੜਾ ਪ੍ਰਬੰਧਨ ਦੀ ਬਿਹਤਰੀ ਲਈ 4 ਟਾਟਾ ਏਸ ਗੱਡੀਆਂ ਅਤੇ ਜੇਸੀਬੀ ਨੂੰ ਦਿਖਾਈ ਹਰੀ ਝੰਡੀ *ਸ਼ਹਿਰ ’ਚੋਂ ਕੂੜਾ ਡੰਪਿੰਗ ਸੈਕੰਡਰੀ ਪੁਆਇੰਟ ਨੂੰ ਹਟਾਉਣ ਦੇ ਨਾਲ ਸਫਾਈ ਵੱਲ ਦਿੱਤਾ ਜਾ ਰਿਹੈ ਵਿਸ਼ੇਸ਼ ਧਿਆਨ

ਬਰਨਾਲਾ, 7 ਜਨਵਰੀ
ਸਵੱਛ ਭਾਰਤ ਮਿਸ਼ਨ ਤਹਿਤ ਜ਼ਿਲ੍ਹਾ ਬਰਨਾਲਾ ਨੂੰ ਅੱਵਲ ਦਰਜੇ ਦੇ ਸਾਫ-ਸੁੱਥਰੇ ਜ਼ਿਲਿ੍ਹਆਂ ਵਿੱਚ ਸ਼ੁਮਾਰ ਕਰਵਾਉਣ ਲਈ ਡਿਪਟੀ ਕਮਿਸ਼ਨਰ ਸ. ਤੇਜ ਪ੍ਰਤਾਪ ਸਿੰੰਘ ਫੂਲਕਾ ਦੀ ਅਗਵਾਈ ਹੇਠ ਨਗਰ ਕੌਂਸਲਾਂ ਵੱਲੋਂ ਸਿਰਤੋੜ ਯਤਨ ਜਾਰੀ ਹਨ।
ਇਸੇ ਤਹਿਤ ਐਸਡੀਐਮ ਬਰਨਾਲਾ ਸ. ਵਰਜੀਤ ਵਾਲੀਆ ਦੇ ਹੰਭਲੇ ਨਾਲ ਬਰਨਾਲਾ ਸ਼ਹਿਰ ਵਿੱਚ ਗਿੱਲੇ ਅਤੇ ਸੁੱਕੇ ਕੂੜੇ ਦੇ ਵੱਖੋ-ਵੱਖ ਨਿਬੇੜੇ ਦਾ ਟੀਚਾ 100 ਫੀਸਦੀ ਪੂਰਾ ਕਰਨ ਲਈ ਵਿਸ਼ੇਸ਼ ਮੁਹਿੰਮ ਵਿੱਢੀ ਗਈ ਹੈ। ਇਸੇ ਮੁਹਿੰਮ ਤਹਿਤ ਡਿਪਟੀ ਕਮਿਸ਼ਨਰ ਅਤੇ ਐਸਡੀਐਮ ਬਰਨਾਲਾ ਵੱਲੋਂ ਨਗਰ ਕੌਂਸਲ ਦਫਤਰ ਵਿਖੇ 4 ਨਵੀਆਂ ਟਾਟਾ ਏਸ ਗੱਡੀਆਂ ਅਤੇ ਜੇਸੀਬੀ ਮਸ਼ੀਨ ਨੂੰ ਹਰੀ ਝੰਡੀ ਦੇ ਕੇ ਰਵਾਨਾ ਕੀਤਾ ਗਿਆ। ਇਸ ਮੌਕੇ ਡਿਪਟੀ ਕਮਿਸ਼ਨਰ ਸ. ਫੂਲਕਾ ਨੇ ਦੱਸਿਆ ਕਿ ਸ਼ਹਿਰ ਨੂੰ ਸਵੱਛਤਾ ਪੱਖੋਂ ਮੋਹਰੀ ਬਣਾਉਣ ਲਈ ਯਤਨ ਜਾਰੀ ਹਨ। ਇਸੇ ਤਹਿਤ ਸ਼ਹਿਰ ਵਿੱਚ ਕੂੜੇ ਦੀ 100 ਫੀਸਦੀ ਘਰ ਘਰ ਕੁਲੈਕਸ਼ਨ ਕੀਤੀ ਜਾ ਰਹੀ ਹੈ ਅਤੇ ਗਿੱਲੇ ਅਤੇ ਸੁੱਕੇ ਕੂੜੇ ਨੂੰ ਵੱਖੋ-ਵੱਖ ਇਕੱਠਾ ਕਰਨ ਦਾ 100 ਫੀਸਦੀ ਟੀਚਾ ਪੂਰਾ ਕਰਨ ਲਈ ਵੀ ਸੰਜੀਦਾ ਉਪਰਾਲੇ ਵਿੱਢੇ ਗਏ ਹਨ। ਉਨ੍ਹਾਂ ਦੱਸਿਆ ਕਿ ਇੱਥੇ ਰਵਾਨਾ ਕੀਤੀਆਂ 4 ਟਾਟਾ ਗੱਡੀਆਂ ਅਤੇ ਜੇਸੀਬੀ ਦੀ ਮਦਦ ਨਾਲ ਕੂੜੇ ਦੇ ਹੋਰ ਡੰਪ ਹਟਾਉਣ ਅਤੇ ਕੂੜੇ ਦੇ ਸਹੀ ਜਗ੍ਹਾ ਨਿਬੇੜੇ ਵਿੱਚ ਭਰਵੀਂ ਮਦਦ ਮਿਲੇਗੀ।
ਇਸ ਮੌਕੇ ਐਸਡੀਐਮ ਸ੍ਰੀ ਵਾਲੀਆ ਨੇ ਦੱਸਿਆ ਕਿ ਬਰਨਾਲਾ ਸ਼ਹਿਰ ਵਿੱਚ ਕੂੜਾ ਇਕੱਠਾ ਕਰਨ ਲਈ 150 ਦੇ ਕਰੀਬ ਰਿਕਸ਼ਾ ਰੇਹੜੀਆਂ ਅਤੇ 14 ਈ-ਰਿਕਸ਼ਾ ਪਹਿਲਾਂ ਤੋਂ ਹੀ ਚੱਲ ਰਹੇ ਹਨ, ਜਿਨ੍ਹਾਂ ਰਾਹੀਂ ਗਿੱਲਾ ਅਤੇ ਸੁੱਕਾ ਕੂੜਾ ਵੱਖੋ-ਵੱਖਰਾ ਇਕੱਠਾ ਕੀਤਾ ਜਾਂਦਾ ਹੈ ਅਤੇ ਗਿੱਲੇ ਕੂੜੇ ਤੋਂ 116 ਪਿੱਟਸ ਰਾਹੀਂ ਖਾਦ ਤਿਆਰ ਕੀਤੀ ਜਾ ਰਹੀ ਹੈ। ਉਨ੍ਹਾਂ ਦੱਸਿਆ ਕਿ ਹੁਣ ਤੱਕ ਕਰੀਬ 10 ਟਨ ਖਾਦ ਮੁਫਤ ਵੰਡੀ ਜਾ ਚੁੱਕੀ ਹੈ ਅਤੇ 40 ਕਿਲੋ ਖਾਦ ਦੀ ਵਿਕਰੀ ਕੀਤੀ ਗਈ ਹੈ।
ਇਸ ਮੌਕੇ ਕਾਰਜਸਾਧਕ ਅਫਸਰ ਮਨਪ੍ਰੀਤ ਸਿੰਘ ਸਿੱਧੂ, ਸ੍ਰੀ ਦੀਪ ਸੰਘੇੜਾ, ਸ੍ਰੀ ਹੈਪੀ ਢਿੱਲੋਂ, ਸੁਪਰਡੈਂਟ ਹਰਪ੍ਰੀਤ ਸਿੰਘ, ਮੇਜਰ ਸਿੰਘ ਜੇਈ, ਚੀਫ ਸੈਨੇਟਰੀ ਇੰਸਪੈਕਟਰ ਬਿਸ਼ਨ ਦਾਸ, ਅੰਕੁਸ਼ ਸਿੰਗਲਾ, ਦੀਪਕ ਕੁਮਾਰ ਸੈਨੇਟਰੀ ਇੰਸਪੈਕਟਰ, ਗੁਲਸ਼ਨ ਕੁਮਾਰ ਪ੍ਰਧਾਨ ਸਫਾਈ ਸੇਵਕ ਯੂਨੀਅਨ ਤੇ ਹੋਰ ਸਟਾਫ ਹਾਜ਼ਰ ਸੀ।
ਬੌਕਸ ਲਈ ਪ੍ਰਸਤਾਵਿਤ
ਸ਼ਹਿਰ ਵਾਸੀਆਂ ਦਾ ਚਿਰੋਕਣਾ ਮਸਲਾ ਹੋਇਆ ਹੱਲ
ਉਨ੍ਹਾਂ ਦੱਸਿਆ ਕਿ ਸੈਨੀਟੇਸ਼ਨ ਮੁਹਿੰਮ ਤਹਿਤ ਸ਼ਹਿਰ ਵਿਚ ਕਰੀਬ 4 ਕੂੜਾ ਡੰਪਿੰਗ ਸੈਕੰਡਰੀ ਥਾਵਾਂ ਤੋਂ ਕੂੜਾ ਚੁਕਵਾਇਆ ਗਿਆ ਹੈ, ਜਿਸ ਨਾਲ ਸ਼ਹਿਰ ਵਾਸੀਆਂ ਨੂੰ ਭਾਰੀ ਰਾਹਤ ਮਿਲੀ ਹੈ। ਇਨ੍ਹਾਂ ਵਿੱਚ ਪੰਜਾਬ ਐਂਡ ਸਿੰਧ ਬੈਂਕ ਪੱਕਾ ਕਾਲਜ ਰੋਡ ਬਰਨਾਲਾ, ਅਨਾਜ ਮੰਡੀ ਰੋਡ ’ਤੇ ਡੰਪਿੰਗ ਪੁਆਇੰਟ, ਪੁਰਾਣੇ ਪ੍ਰਭਾਤ ਸਿਨੇਮੇ ਕੋਲ ਤੇ ਸੇਖਾ ਰੋਡ ਡੰਪਿੰਗ ਪੁਆਇੰਟ ਸ਼ਾਮਲ ਹੈ। ਉਨ੍ਹਾਂ ਦੱਸਿਆ ਕਿ ਆਉਣ ਵਾਲੇ ਸਮੇਂ ਵਿੱਚ ਹੋਰ ਵੀ ਉਪਰਾਲੇ ਕੀਤੇ ਜਾਣਗੇ।
ਬੌਕਸ ਲਈ ਪ੍ਰਸਤਾਵਿਤ
ਡਿਪਟੀ ਕਮਿਸ਼ਨਰ ਵੱਲੋਂ ਬੇਲਿੰਗ ਮਸ਼ੀਨ ਦਾ ਜਾਇਜ਼ਾ
ਕਾਰਜਸਾਧਕ ਅਫਸਰ ਨਗਰ ਕੌਂਸਲ ਬਰਨਾਲਾ ਸ. ਮਨਪ੍ਰੀਤ ਸਿੰਘ ਸਿੱਧੂ ਨੇ ਦੱਸਿਆ ਕਿ ਡਿਪਟੀ ਕਮਿਸ਼ਨਰ ਬਰਨਾਲਾ ਵੱਲੋਂ ਜਿੱਥੇ ਸਫਾਈ ਸ਼ਾਖਾ ਦਾ ਜਾਇਜ਼ਾ ਲਿਆ ਗਿਆ, ਉਥੇ ਟਰਿੱਮਲ ਮਸ਼ੀਨ ਅਤੇ ਬੇÇਲੰਗ ਮਸ਼ੀਨ ਦਾ ਵੀ ਨਿਰੀਖਣ ਕੀਤਾ ਗਿਆ। ਉਨ੍ਹਾਂ ਦੱਸਿਆ ਕਿ ਟਰਿੱਮਲ ਮਸ਼ੀਨ ਕੂੜਾ ਡੰਪ ਤੋਂ ਪੁਰਾਣਾ ਕੂੜਾ ਇਕੱਠਾ ਕਰਨ ਅਤੇ ਪਲਾਸਟਿਕ ਤੇ ਹੋਰ ਠੋਸ ਕੂੜਾ ਅਲੱਗ ਕਰਨ ਦੇ ਕੰਮ ਆਉਂਦੀ ਹੈ, ਜਦੋਂਕਿ ਬੇਲਿੰਗ ਮਸ਼ੀਨ ਕੂੜੇ ’ਚੋਂ ਪਲਾਸਟਿਕ ਨੂੰ ਵੱਖਰਾ ਕਰ ਕੇ ਪਲਾਸਟਿਕ ਨੂੰ ਕਰੱਸ਼ ਕਰਕੇ ਗੱਠਾਂ ਬਣਾਈਆਂ ਜਾਂਦੀਆਂ ਹਨ।
good