ਪਿੰਡ ਭਾਗੀਵਾਂਦਰ ਦਾ ਕਿਸਾਨ ਗੁਰਪਿਆਰ ਸਿੰਘ ਵੀ ਚੜਿਆ ਕਿਸਾਨੀ ਸੰਘਰਸ਼ ਦੀ ਭੇਂਟ

ਬਠਿੰਡਾ 26 ਦਸੰਬਰ (ਪਰਵਿੰਦਰ ਜੀਤ ਸਿੰਘ) – ਨਵੇਂ ਖੇਤੀ ਕਾਨੂੰਨਾਂ ਨੂੰ ਰੱਦ ਕਰਵਾਉਣ ਲਈ ਕੇਂਦਰ ਸਰਕਾਰ ਖਿਲਾਫ ਦਿੱਲੀ ਦੇ ਟਿਕਰੀ ਬਾਰਡਰ ਤੇ ਮੋਰਚੇ ਲਾ ਕੇ ਬੈਠੇ ਕਿਸਾਨਾਂ ਵਿੱਚੋਂ ਨੇੜਲੇ ਪਿੰਡ ਭਾਗੀਵਾਂਦਰ ਦੇ ਕਿਸਾਨ ਦੀ ਠੰਢ ਲੱਗਣ ੳੇੁਪਰੰਤ ਬਿਮਾਰੀ ਤੋਂ ਬਾਅਦ ਬੀਤੀ ਦੇਰ ਰਾਤ ਆਪਣੇ ਘਰ ਮੌਤ ਹੋ ਜਾਣ ਦੀ ਦੁੱਖਦਾਈ ਖਬਰ ਸਾਹਮਣੇ ਆਈ ਹੈ ਜਦੋਂਕਿ ਕਿਸਾਨ ਜਥੇਬੰਦੀ ਭਾਰਤੀ ਕਿਸਾਨ ਯੂਨੀਅਨ (ਡਕੌਂਦਾ) ਨੇ ਮ੍ਰਿਤਕ ਕਿਸਾਨ ਨੂੰ ਸ਼ਹੀਦ ਐਲਾਨਦਿਆਂ ਸਰਕਾਰ ਤੋਂ ਮੁਆਵਜੇ ਦੀ ਮੰਗ ਰੱਖੀ ਹੈ।
ਮਿਲੀ ਜਾਣਕਾਰੀ ਅਨੁਸਾਰ ਨੇੜਲੇ ਪਿੰਡ ਭਾਗੀਵਾਂਦਰ ਦਾ ਕਿਸਾਨ ਗੁਰਪਿਆਰ ਸਿੰਘ (61) ਪੁੱਤਰ ਨਛੱਤਰ ਸਿੰਘ (ਬਾਂਦਰ ਪੱਤੀ) ਪਿਛਲੇ ਕਰੀਬ 20 ਦਿਨਾਂ ਤੋਂ ਕੇਂਦਰ ਦੇ ਖੇਤੀ ਕਾਨੂੰਨਾਂ ਖਿਲਾਫ ਟਿਕਰੀ ਬਾਰਡਰ ਤੇ ਲੱਗੇ ਕਿਸਾਨ ਮੋਰਚੇ ਵਿੱਚ ਸੇਵਾ ਨਿਭਾ ਰਿਹਾ ਸੀ।ਮੋਰਚੇ ਚ ਰਹਿੰਦਿਆਂ ਹੀ ਬੀਤੇ ਦਿਨ ਉਸਨੂੰ ਠੰਢ ਲੱਗ ਗਈ ਅਤੇ ਉਹ ਬਿਮਾਰ ਹੋ ਗਿਆ ਬਾਵਜੂਦ ਇਸਦੇ ਉਹ ਮੋਰਚੇ ਵਿੱਚ ਸੇਵਾ ਨਿਭਾਂਉਦਾ ਰਿਹਾ।ਬੀਤੀ ਪਰਸੋਂ ਕਿਸਾਨ ਦੀ ਹਾਲਤ ਗੰਭੀਰ ਹੋ ਜਾਣ ਕਾਰਣ ਉਸਨੂੰ ਪਿੰਡ ਭਾਗੀਵਾਂਦਰ ਲੈ ਆਂਦਾ ਗਿਆ ਜਿੱਥੇ ਬੀਤੀ ਦੇਰ ਰਾਤ ਉਹ ਅਕਾਲ ਚਲਾਣਾ ਕਰ ਗਿਆ।ਮ੍ਰਿਤਕ ਕਿਸਾਨ ਦਾ ਅੱਜ ਪਿੰਡ ਭਾਗੀਵਾਂਦਰ ਦੇ ਸਮਸ਼ਾਨਘਾਟ ਵਿੱਚ ਅੰਤਿਮ ਸਸਕਾਰ ਕਰ ਦਿੱਤਾ ਗਿਆ।ਭਾਕਿਯੂ (ਡਕੌਂਦਾ) ਵੱਲੋਂ ਆਏ ਵਫਦ ਨੇ ਕਿਸਾਨ ਦੀ ਮ੍ਰਿਤਕ ਦੇਹ ਤੇ ਜਥੇਬੰਦੀ ਦਾ ਝੰਡਾ ਪਾ ਕੇ ਸਨਮਾਨ ਦਿੱਤਾ।ਮ੍ਰਿਤਕ ਕਿਸਾਨ ਆਪਣੇ ਪਿੱਛੇ ਪਤਨੀ,ਇੱਕ ਬੇਟਾ ਅਤੇ ਚਾਰ ਬੇਟੀਆਂ ਛੱਡ ਗਿਆ ਹੈ।
ਉੱਧਰ ਕਿਸਾਨ ਦੇ ਅੰਤਿਮ ਸਸਕਾਰ ਮੌਕੇ ਪ੍ਰਸ਼ਾਸਨ ਜਾਂ ਸਰਕਾਰ ਦੇ ਕਿਸੇ ਵੀ ਨੁਮਾਇੰਦੇ ਦੇ ਨਾ ਪੁੱਜਣ ਕਾਰਣ ਲੋਕਾਂ ਵਿੱਚ ਰੋਸ ਪਾਇਆ ਜਾ ਰਿਹਾ ਹੈ।ਭਾਕਿਯੂ (ਡਕੌਂਦਾ) ਦੀ ਪਿੰਡ ਇਕਾਈ ਦੇ ਪ੍ਰਧਾਨ ਲਛਮਣ ਸਿੰਘ, ਮੀਤ ਪ੍ਰਧਾਨ ਗੁਰਪਿਆਰ ਸਿੰਘ, ਮੈਂਬਰ ਦਰਸ਼ਨ ਸਿੰਘ ਅਤੇ ਸਮੂਹ ਕਿਸਾਨਾ ਨੇ ਕਿਸੇ ਨੁਮਾਇੰਦੇ ਦੇ ਵੀ ਨਾ ਪੁੱਜਣ ਦੀ ਨਿੰਦਾ ਕਰਦਿਆਂ ਕਿਹਾ ਕਿ ਗੁਰਪਿਆਰ ਸਿੰਘ ਨੇ ਮੋਰਚੇ ਵਿੱਚ ਰਹਿੰਦਿਆਂ ਕਿਸਾਨ ਸੰਘਰਸ਼ ਵਿੱਚ ਵਡਮੁੱਲਾ ਯੋਗਦਾਨ ਪਾਂਉਦਿਆਂ ਕੁਰਬਾਨੀ ਦਿੱਤੀ ਹੈ ਇਸਲਈ ਉਹ ਕਿਸਾਨ ਸੰਘਰਸ਼ ਦਾ ਸ਼ਹੀਦ ਹੈ ਜਿਸ ਕਰਕੇ ਪੰਜਾਬ ਸਰਕਾਰ ਉਸਦੇ ਪਰਿਵਾਰ ਦਾ ਸਮੁੱਚਾ ਕਰਜਾ ਮੁਆਫ ਕਰਕੇ ਪਰਿਵਾਰ ਲਈ 10 ਲੱਖ ਰੁਪਏ ਮੁਆਵਜਾ ਅਤੇ ਪਰਿਵਾਰ ਦੇ ਇੱਕ ਮੈਂਬਰ ਨੂੰ ਸਰਕਾਰੀ ਨੌਕਰੀ ਦੇਣ ਦਾ ਐਲਾਨ ਕਰੇ ਜੇਕਰ ਅਜਿਹਾ ਨਹੀ ਹੁੰਦਾ ਤਾਂ ਮਜਬੂਰਨ ਜਥੇਬੰਦੀਆਂ ਨੂੰ ਸੰਘਰਸ਼ ਦਾ ਪੱਲਾ ਫੜਨਾ ਪਵੇਗਾ।