ਪਿੰਡਾਂ ਵਿੱਚ ਫੂਕੇ ਗਏ ਮੋਦੀ-ਸ਼ਾਹ ਤੇ ਅਡਾਨੀ-ਅੰਬਾਨੀ ਦੇ ਪੁਤਲੇ
ਪਿੰਡਾਂ ਵਿੱਚ ਫੂਕੇ ਗਏ ਮੋਦੀ-ਸ਼ਾਹ ਤੇ ਅਡਾਨੀ-ਅੰਬਾਨੀ ਦੇ ਪੁਤਲੇ
ਬਠਿੰਡਾ ; 5 ਦਸੰਬਰ- ਪਰਵਿੰਦਰ ਜੀਤ ਸਿੰਘ
ਕੇਂਦਰ ਦੀ ਮੋਦੀ ਸਰਕਾਰ ਵੱਲੋਂ ਪਾਸ ਕੀਤੇ ਖੇਤੀ ਨਾਲ ਸਬੰਧਤ ਤਿੰਨ ਕਾਲੇ ਕਾਨੂੰਨ, ਬਿਜਲੀ ਬਿੱਲ 2020, ਪਰਾਲੀ ਨਾਲ ਸਬੰਧਤ ਡਿਕਟੇਟਰਾਨਾ ਆਰਡੀਨੈਂਸ ਵਾਪਸ ਕਰਵਾਉਣ ਲਈ ਚੱਲ ਰਹੇ ਕਿਸਾਨ ਘੋਲ ਨੂੰ ਹੋਰ ਤੇਜ ਕਰਨ ਅਤੇ ਕਾਰਪੋਰੇਟ ਘਰਾਣਿਆਂ ਦੀ ਲੁੱਟ ਤੋਂ ਦੇਸ਼ ਨੂੰ ਬਚਾਉਣ ਲਈ ਪੰਜ ਦਸੰਬਰ ਨੂੰ ਥਾਂ-ਥਾਂ ਪ੍ਰਧਾਨ ਮੰਤਰੀ ਮੋਦੀ ਤੇ ਉਸ ਦੇ ਜੋਟੀਦਾਰ ਅੰਡਾਨੀਆਂ ਤੇ ਅੰਬਾਨੀਆਂ ਦੇ ਪੁਤਲੇ ਫੂਕੇ ਜਾਣ ਦੇ ਦੇਸ਼ ਵਿਆਪੀ ਸੱਦੇ ਨੂੰ ਲਾਗੂ ਕਰਦਿਆਂ ਅੱਜ ਜੈ ਸਿੰਘ ਵਾਲਾ, ਘੁੱਦਾ, ਫੁੱਲੋ ਮਿੱਠੀ, ਜੱਸੀ ਬਾਗ ਵਾਲੀ, ਰੁਲਦੂ ਸਿੰਘ ਵਾਲਾ, ਨਥਾਣਾ, ਪੂਹਲਾ, ਪੂਹਲੀ, ਢੇਲਵਾਂ ਆਦਿ ਪਿੰਡਾਂ ਵਿੱਚ ਭਾਰੀ ਗਿਣਤੀ ਲੋਕਾਂ ਵੱਲੋਂ ਮੋਦੀ-ਸ਼ਾਹ ਤੇ ਅਡਾਨੀ-ਅੰਬਾਨੀ ਦੇ ਪੁਤਲੇ ਫੂਕ ਕੇ ਰੋਸ ਪ੍ਰਦਰਸ਼ਨ ਕੀਤੇ ਗਏ।
ਇਨ੍ਹਾਂ ਰੋਸ ਐਕਸ਼ਨਾਂ ਦੀ ਅਗਵਾਈ ਬਜ਼ੁਰਗ ਆਗੂ ਸੰਪੂਰਨ ਸਿੰਘ, ਦਿਹਾਤੀ ਮਜ਼ਦੂਰ ਸਭਾ ਦੇ ਸੂਬਾ ਵਰਕਿੰਗ ਕਮੇਟੀ ਦੇ ਮੈਂਬਰ ਪ੍ਕਾਸ਼ ਸਿੰਘ ਨੰਦਗੜ੍ਹ, ਜਮਹੂਰੀ ਕਿਸਾਨ ਸਭਾ ਪੰਜਾਬ ਦੀ ਬਠਿੰਡਾ ਜਿਲ੍ਹਾ ਕਮੇਟੀ ਦੇ ਸਕੱਤਰ ਸਾਥੀ ਦਰਸ਼ਨ ਸਿੰਘ ਫੁੱਲੋ ਮਿੱਠੀ, ਗੁਰਜੰਟ ਸਿੰਘ ਘੁੱਦਾ, ਰਾਜਪਾਲ ਸਿੰਘ ਟਿਵਾਣਾ, ਉਮਰਦੀਨ ਜੱਸੀ ਬਾਗ ਵਾਲੀ, ਸਰੂਪ ਸਿੰਘ, ਪਰਮਜੀਤ ਕੌਰ, ਕੂਕਾ ਸਿੰਘ ਨਥਾਣਾ, ਮੱਖਣ ਸਿੰਘ ਪੂਹਲੀ, ਮਲਕੀਤ ਸਿੰਘ ਮਹਿਮਾ ਸਰਜਾ, ਰਾਜਵੀਰ ਸਿੰਘ ਨਥਾਣਾ ਤੇ ਹੋਰਨਾਂ ਨੇ ਕੀਤੀ।
ਉਕਤ ਆਗੂਆਂ ਨੇ ਕਿਸਾਨ ਸੰਘਰਸ਼ ਨੂੰ ਹੋਰ ਭਖਾਉਣ ਲਈ ਦਿੱਤੇ ਗਏ 8 ਦਸੰਬਰ ਦੇ ਭਾਰਤ ਬੰਦ ਦੇ ਸੱਦੇ ਨੂੰ ਕਾਮਯਾਬ ਕਰਨ ਦੀ ਅਪੀਲ ਕੀਤੀ।
ਜਿਕਰਯੋਗ ਹੈ ਕਿ ਦੇਸ਼ ਭਰ ਦੀਆਂ ਕਿਸਾਨ ਜੱਥੇਬੰਦੀਆਂ ਅਤੇ ਕਿਸਾਨ ਸੰਘਰਸ਼ ਦਾ ਡਟਵਾਂ ਸਮਰਥਨ ਕਰ ਰਹੀਆਂ ਲੜਾਕੂ ਧਿਰਾਂ ਵੱਲੋਂ ਦਿੱਤੇ ਗਏ ਉਕਤ ਸੱਦੇ ਨੂੰ ਜਨਤਕ ਜੱਥੇਬੰਦੀਆਂ ਦਾ ਸਾਂਝਾ ਮੰਚ (ਜੇਪੀਐਮਓ) ਵਿੱਚ ਸ਼ਾਮਲ ਜਨਸੰਗਠਨਾਂ ਵਲੋਂ ਡਟਵਾਂ ਸਮਰਥਨ ਕਰਨ ਦਾ ਐਲਾਨ ਕੀਤਾ ਗਿਆ ਸੀ।
ਆਗੂਆਂ ਨੇ ਕਿਹਾ ਕਿ ਮੋਦੀ ਸਰਕਾਰ ਦੀ ਹੱਕੀ ਕਿਸਾਨ ਘੋਲ ਖਿਲਾਫ਼ ਅਪਣਾਈ ਗਈ ਮੁਜ਼ਰਮਾਨਾ ਪਹੁੰਚ ਖਿਲਾਫ਼ ਮਿਲ ਰਹੇ ਅਪਾਰ ਜਨ ਸਮਰਥਨ ਤੋਂ ਪਤਾ ਲਗਦਾ ਹੈ ਕਿ ਭਾਰਤੀ ਆਵਾਮ ਵੱਲੋਂ ਉਪਰੋਕਤ ਕਾਨੂੰਨਾਂ ਖਿਲਾਫ਼ ਦੇਸ਼ ਪੱਧਰ ਤੇ ਆਰ-ਪਾਰ ਦਾ ਸੰਘਰਸ਼ ਲੜਿਆ ਜਾਵੇਗਾ ਕਿਉਂਕਿ ਕਿ ਦੇਸ਼ ਦੀ ਦੋ ਤਿਹਾਈ ਵਸੋਂ ਦੇ ਗੁਜਾਰੇ ਦੇ ਸਾਧਨ ਖੇਤੀ ਧੰਦੇ ਨੂੰ ਦੇਸੀ-ਵਿਦੇਸ਼ੀ ਕਾਰਪੋਰੇਟ ਬਘਿਆੜਾਂ ਦੇ ਹਵਾਲੇ ਕਰਨ ਵਾਲੇ ਉਕਤ ਕਾਨੂੰਨ ਨਾ ਕੇਵਲ ਦੇਸ਼ ਦੇ ਅਰਥਚਾਰੇ ਨੂੰ ਤਬਾਹ ਕਰਨ ਵਾਲੇ, ਮਹਿੰਗਾਈ ਬੇਰੁਜ਼ਗਾਰੀ ਭੁੱਖਮਰੀ ‘ਚ ਅੰਤਾਂ ਦਾ ਵਾਧਾ ਕਰਨ ਵਾਲੇ ਹਨ ਬਲਕਿ ਦੇਸ਼ ਦੀ ਸੰਪ੍ਭੁਤਾ ਦਾ ਸਾਮਰਾਜੀ ਦੇਸ਼ਾਂ ਕੋਲ ਸਮਰਪਣ ਕਰਨ ਵਾਲੇ ਵੀ ਹਨ।
ਉਨ੍ਹਾਂ ਸਮੂਹ ਭਾਰਤ ਵਾਸੀਆਂ ਨੂੰ ਉਕਤ ਦੇਸ਼ ਭਗਤਕ ਸੰਗਰਾਮ ਵਿੱਚ ਵਧ ਚੜ੍ਹ ਕੇ ਸ਼ਾਮਲ ਹੋਣ ਦੀ ਅਪੀਲ ਵੀ ਕੀਤੀ।