ਨਾਮਵਰ ਸੁਰੀਲੀ ਗਾਇਕਾ ਮਿਨਾਕਸ਼ੀ ਸੈਣੀ ਦਾ ਕਿਸਾਨਾਂ ਦੇ ਸੰਘਰਸ਼ ਤੇ ਆਧਾਰਿਤ ਗੀਤ, ‘ਫਤਹਿ’ ਰਿਲੀਜ਼
ਚੰਡੀਗੜ (ਪ੍ਰੀਤਮ ਲੁਧਿਆਣਵੀ), 5 ਦਸੰਬਰ, 2020 : ਕਿਸਾਨਾਂ ਦੇ ਸੰਘਰਸ਼ ਵਿਚ ਹਿੱਸਾ ਪਾਉਣ ਵਾਲੇ ਗਾਇਕਾਂ ਤੇ ਗੀਤਕਾਰਾਂ ਤੋਂ ਨਾਮਵਰ ਨੌਜਵਾਨ ਗੀਤਕਾਰ ਬੀ. ਐਸ. ਖੁੱਡਾ ਅਤੇ ਪ੍ਰਸਿੱਧ ਸੁਰੀਲੀ ਗਾਇਕਾ ਬੀਬਾ ਮਿਨਾਕਸ਼ੀ ਸੈਣੀ ਵੀ ਪਾਸੇ ਚੁੱਪ ਕਰ ਕੇ ਨਹੀਂ ਬਹਿ ਸਕੇ। ਸ੍ਰੀ ਖੁੱਡਾ ਵੱਲੋਂ ਲਿਖਿਆ ਅਤੇ ਬੀਬੀ ਸੈਣੀ ਵੱਲੋਂ ਗਾਇਆ ਕਿਸਾਨਾਂ ਦੇ ਸੰਘਰਸ਼ ਉਤੇ ਆਧਾਰਿਤ ਗੀਤ, ”ਫਤਹਿ” ਦੁਨੀਆ ਭਰ ਵਿੱਚ ਰਲੀਜ਼ ਕੀਤਾ ਗਿਆ। ਇਸ ਗੀਤ ਨੂੰ ਸੰਗੀਤਕ ਛੋਹਾਂ ਦਿੰਦਿਆਂ ਸੰਗੀਤ ਨਾਲ ਸ਼ਿੰਗਾਰਿਆ ਹੈ, ਸੰਗੀਤ ਡਾਇਰੈਕਟਰ ਦਿਨੇਸ਼ ਰਾਜਪੂਤ ਨੇ : ਜਦਕਿ ਇਸ ਗੀਤ ਦਾ ਪੋਸਟਰ ਬਣਾਇਆ ਹੈ, ਆਰ. ਐੱਸ. ਐਡਿਟਜ ਨੇ।
ਪ੍ਰੈਸ ਨਾਲ ਗੱਲਬਾਤ ਕਰਦਿਆਂ ਗਾਇਕਾ ਮਿਨਾਕਸ਼ੀ ਸੈਣੀ ਨੇ ਦੱਸਿਆ ਕਿ ਉਹਨਾਂ ਦੇ ਦਿਲੋਂ ਅਵਾਜ਼ ਆਈ ਕਿ ਕਿਸਾਨਾਂ ਦੇ ਸੰਘਰਸ਼ ਅਤੇ ਜੱਦੋ-ਜਹਿਦ ਵਾਲੇ ਜੀਵਨ ਉਤੇ ਗੀਤ ਰਾਹੀਂ ਚਾਨਣਾ ਪਾਇਆ ਜਾਵੇ। ਉਹਨਾਂ ਨੇ ਇਸ ਸੋਚ ਦੇ ਤਹਿਤ ਗਾਇਕ ਤੇ ਗੀਤਕਾਰ ਬੀ. ਐੱਸ. ਖੁੱਡਾ ਨਾਲ ਵਿਚਾਰ-ਵਟਾਂਦਰਾ ਕੀਤਾ ਤੇ ਬੀ. ਐੱਸ. ਖੁੱਡਾ ਨੇ ਅਪਣੀ ਕਲਮ ਰਾਹੀਂ ਜ਼ਿਮੀਂਦਾਰਾਂ ਦੇ ਸੰਘਰਸ਼ ਨੂੰ ਗੀਤ ਦਾ ਰੂਪ ਦੇ ਕੇ ਬਿਆਨ ਕਰ ਦਿੱਤਾ। ਗਾਇਕਾ ਮਿਨਾਕਸ਼ੀ ਸੈਣੀ ਵੱਲੋਂ ਆਪਣੇ ਯੂ-ਟਿਊਬ ਚੈਨਲ, ‘ਮਿਨਾਕਸ਼ੀ ਸੈਣੀ ਖੁੱਡਾ’ ਤੋਂ ਰਿਲੀਜ ਕੀਤੇ ਗਏ ਸਮੇਂ ਦੇ ਹਾਲਾਤਾਂ ਦੀ ਤਰਜ਼ਮਾਨੀ ਕਰਦੇ ਇਸ ਗੀਤ ਨੂੰ ਕਾਫੀ ਸਰਾਹਿਆ ਜਾ ਰਿਹਾ ਹੈ। ਖਾਸ ਕਰਕੇ ਉਸ ਹਰ ਵਰਗ ਵਲੋਂ ਤਾਂ ਇਸ ਨੂੰ ਹੋਰ ਵੀ ਰੀਝ ਨਾਲ ਸੁਣਿਆ ਅਤੇ ਪਸੰਦ ਕੀਤਾ ਜਾ ਰਿਹਾ ਹੈ, ਜੋ ਕਿਤੇ ਨਾ ਕਿਤੇ ਖੇਤੀ ਅਤੇ ਪਿੰਡ ਪੱਧਰ ਨਾਲ ਜੁੜੇ ਹੋਏ ਹਨ।