ਦੇਸ਼ ਦੀਆਂ ਸਮੂਹ ਕਿਸਾਨ ਜੱਥੇਬੰਦੀਆਂ ‘ਤੇ ਆਧਾਰਿਤ ‘ਸੰਯੁਕਤ ਕਿਸਾਨ ਮੋਰਚੇ’ ਦੇ ਆਉਂਦੀ 20 ਦਸੰਬਰ ਨੂੰ ਕਿਸਾਨ ਮੋਰਚੇ ਦੇ ਸ਼ਹੀਦਾਂ ਨੂੰ ਪਿੰਡਾਂ, ਸ਼ਹਿਰੀ ਮੁਹੱਲਿਆਂ ਵਿੱਚ ਵਿਸ਼ਾਲ ਇਕੱਠ ਕਰਕੇ ਸ਼ਰਧਾਂਜਲੀਆਂ ਦੇਣ ਦੇ ਸੱਦੇ
ਬਠਿੰਡਾ ; 16 ਦਸੰਬਰ (ਪਰਵਿੰਦਰ ਜੀਤ ਸਿੰਘ)
ਦੇਸ਼ ਦੀਆਂ ਸਮੂਹ ਕਿਸਾਨ ਜੱਥੇਬੰਦੀਆਂ ‘ਤੇ ਆਧਾਰਿਤ ‘ਸੰਯੁਕਤ ਕਿਸਾਨ ਮੋਰਚੇ’ ਦੇ ਆਉਂਦੀ 20 ਦਸੰਬਰ ਨੂੰ ਕਿਸਾਨ ਮੋਰਚੇ ਦੇ ਸ਼ਹੀਦਾਂ ਨੂੰ ਪਿੰਡਾਂ, ਸ਼ਹਿਰੀ ਮੁਹੱਲਿਆਂ ਵਿੱਚ ਵਿਸ਼ਾਲ ਇਕੱਠ ਕਰਕੇ ਸ਼ਰਧਾਂਜਲੀਆਂ ਦੇਣ ਦੇ ਸੱਦੇ ਨੂੰ ਜ਼ਿਲ੍ਹੇ ਦੀਆਂ ਮਜ਼ਦੂਰ- ਕਿਸਾਨ ਤੇ ਮਿਹਨਤਕਸ਼ ਤਬਕਿਆਂ ਦੀਆਂ ਜੱਥੇਬੰਦੀਆਂ ਨੇ ਪੂਰੀ ਤਨਦੇਹੀ ਨਾਲ ਲਾਗੂ ਕਰਨ ਦਾ ਨਿਰਣਾ ਲਿਆ ਹੈ।
ਇਹ ਜਾਣਕਾਰੀ ਅੱਜ ਇਥੋਂ ਜਾਰੀ ਇੱਕ ਸਾਂਝੇ ਪ੍ਰੈਸ ਬਿਆਨ ਰਾਹੀਂ ਦਿਹਾਤੀ ਮਜ਼ਦੂਰ ਸਭਾ ਦੇ ਸੂਬਾ ਵਿੱਤ ਸਕੱਤਰ ਸਾਥੀ ਮਹੀਪਾਲ, ਬੀਕੇਯੂ ਕ੍ਰਾਂਤੀਕਾਰੀ ਪੰਜਾਬ ਦੇ ਖਜਾਨਚੀ ਸੁਰਮੁਖ ਸਿੰਘ ਸੇਲਬਰਾਹ, ਜਮਹੂਰੀ ਕਿਸਾਨ ਸਭਾ ਪੰਜਾਬ ਦੇ ਜਿਲ੍ਹਾ ਜਨਰਲ ਸਕੱਤਰ ਦਰਸ਼ਨ ਸਿੰਘ ਫੁੱਲੋ ਮਿੱਠੀ, ਕ੍ਰਾਂਤੀਕਾਰੀ ਪੇਂਡੂ ਮਜ਼ਦੂਰ ਯੂਨੀਅਨ ਪੰਜਾਬ ਦੇ ਜਨਰਲ ਸਕੱਤਰ ਸੁਖਪਾਲ ਸਿੰਘ ਖਿਆਲੀ ਵਾਲਾ, ਕਿਰਤੀ ਕਿਸਾਨ ਯੂਨੀਅਨ ਦੇ ਜਿਲ੍ਹਾ ਪ੍ਰਧਾਨ ਅਮਰਜੀਤ ਸਿੰਘ ਹਨੀ, ਪੰਜਾਬ ਸੁਬਾਰਡੀਨੇਟ ਸਰਵਿਸਿਜ਼ ਫੈਡਰੇਸ਼ਨ ਦੇ ਜਿਲ੍ਹਾ ਪ੍ਰਧਾਨ ਹੰਸ ਰਾਜ ਬੀਜਵਾ, ਪੀ ਡਬਲਿਊ ਡੀ ਫੀਲਡ ਐਂਡ ਵਰਕਸ਼ਾਪ ਵਰਕਰਜ਼ ਯੂਨੀਅਨ ਦੇ ਸੂਬਾ ਆਗੂ ਕਿਸ਼ੋਰ ਚੰਦ ਗਾਜ਼, ਜੰਗਲਾਤ ਵਰਕਰਜ਼ ਯੂਨੀਅਨ ਪੰਜਾਬ ਦੇ ਸੂਬਾ ਜਨਰਲ ਸਕੱਤਰ ਸਾਥੀ ਜਗਸੀਰ ਸਿੰਘ ਸੀਰਾ, ਸੀਵਰੇਜ ਬੋਰਡ ਇੰਪਲਾਈਜ਼ ਯੂਨੀਅਨ ਦੇ ਸੀਨੀਅਰ ਆਗੂ ਮੱਖਣ ਸਿੰਘ ਖਣਗਵਾਲ, ਟੀਐਸਯੂ ਥਰਮਲ ਬਠਿੰਡਾ ਅਤੇ ਲਹਿਰਾ ਮੁਹੱਬਤ ਦੇ ਆਗੂਆਂ ਤੇਜਾ ਸਿੰਘ ਤੇ ਮੇਜਰ ਸਿੰਘ ਦਾਦੂ, ਪੰਜਾਬ ਪੈਨਸ਼ਨਰਜ਼ ਐਸੋਸਿਏਸ਼ਨ ਦੇ ਪ੍ਰਧਾਨ ਦਰਸ਼ਨ ਸਿੰਘ ਮੌੜ, ਡੈਮੋਕਰੇਟਿਕ ਮੁਲਾਜ਼ਮ ਫਰੰਟ ਦੇ ਜਿਲ੍ਹਾ ਕਨਵੀਨਰ ਸਿਕੰਦਰ ਸਿੰਘ ਧਾਲੀਵਾਲ, ਨੇ ਦਿੱਤੀ ।
ਆਗੂਆਂ ਕਿਹਾ ਕਿ ਇਨ੍ਹਾਂ ਯੋਧਿਆਂ ਦੀਆਂ ਲਾਮਿਸਾਲ ਸ਼ਹਾਦਤਾਂ ਹੀ ਹਨ ਜਿਸ ਨੇ ਹੁਕੂਮਤੀ ਹੰਕਾਰ ਦੀ ਭੱਦੀ ਸੋਚ ਦਾ ਪ੍ਰਤੀਕ ਬਣ ਚੁੱਕੀ ਮੋਦੀ ਸਰਕਾਰ ਨੂੰ ਗੱਲਬਾਤ ਕਰਨ ਅਤੇ ਸੁਰੱਖਿਆਤਮਕ ਪਹੁੰਚ ਅਪਣਾਉਣ ਲਈ ਮਜ਼ਬੂਰ ਕੀਤਾ ਹੈ। ਉਨ੍ਹਾਂ ਐਲਾਨ ਕੀਤਾ ਕਿ ਇਹ ਸ਼ਹਾਦਤਾਂ ਅਜਾਈਂ ਨਹੀਂ ਜਾਣ ਗੀਆਂ ਅਤੇ ਨਾ ਕੇਵਲ ਮੌਜੂਦਾ ਕਿਸਾਨ ਸੰਘਰਸ਼ ਬਲਕਿ ਭਵਿੱਖ ਵਿੱਚ ਸਮੁੱਚੇ ਜਮਹੂਰੀ ਅੰਦੋਲਨ ਲਈ ਵੀ ਸੁਖਾਵੇਂ ਨਤੀਜਿਆਂ ਦਾ ਸਬੱਬ ਬਣਨਗੀਆਂ।
ਉਨ੍ਹਾਂ ਫਿਰਕੇਦਾਰਾਨਾ, ਭਾਸ਼ਾਈ, ਇਲਾਕਾਈ ਅਤੇ ਰਾਜਾਂ ਦਰਮਿਆਨ ਚਿਰਾਂ ਤੋਂ ਲਮਕਦੇ ਆ ਰਹੇ ਹੋਰਨਾਂ ਮਸਲਿਆਂ ਦੇ ਆਧਾਰ ‘ਤੇ ਕਿਸਾਨੀ ਸੰਘਰਸ਼ ਨੂੰ ਵੰਡਣ , ਕਿਸਾਨ ਸੰਘਰਸ਼ ਦੀ ਅਗਵਾਈ ਕਰਨ ਵਾਲੇ ਆਗੂਆਂ ਨੂੰ ਰਾਸ਼ਟਰ ਧਰੋਹੀ ਕਹਿ ਕੇ ਬੱਦੂ ਕਰਨ, ਜਬਰ ਦੇ ਕੋਝੇ ਮਨਸੂਬਿਆਂ ਦੀਆਂ ਮੋਦੀ-ਸ਼ਾਹ ਸਰਕਾਰ ਦੀਆਂ ਕੁਚਾਲਾਂ ਅਤੇ ਸੰਘੀ ਸਾਜ਼ਿਸ਼ਾਂ ਦੀ ਸਖ਼ਤ ਨਿਖੇਧੀ ਕੀਤੀ ਅਤੇ ਚੌਕਸ ਕੀਤਾ ਕਿ ਸੰਘ-ਭਾਜਪਾ ਦੇ ਇਨ੍ਹਾਂ ਗੁਨਾਹਾਂ ਦੇ ਦੇਸ਼ ਨੂੰ ਗੰਭੀਰ ਨਤੀਜੇ ਭੁਗਤਣੇ ਪੈਣਗੇ।
ਆਗੂਆਂ ਨੇ ਜੋਰ ਦੇਕੇ ਕਿਹਾ ਕਿ ਦੇਸ਼ ਦੇ ਕਿਸਾਨ ਕੇਵਲ ਆਪਣੇ ਹਿਤਾਂ ਦੀ ਰਾਖੀ ਲਈ ਸੰਘਰਸ਼ ਨਹੀਂ ਕਰ ਰਹੇ ਬਲਕਿ ਸਮੁੱਚੇ ਦੇਸ਼ ਵਾਸੀਆਂ ਖਾਸ ਕਰਕੇ ਮਿਹਨਤੀ ਤਬਕਿਆਂ ਦੇ ਹਿਤਾਂ ਦੀ ਰਖਵਾਲੀ ਲਈ ਜੂਝ ਰਹੇ ਹਨ ਕਿਉਂਕਿ ਮੋਦੀ ਸਰਕਾਰ ਵੱਲੋਂ ਘੜੇ ਗਏ ਖੇਤੀ ਨਾਲ ਸਬੰਧਤ ਕਾਲੇ ਕਾਨੂੰਨ ਕਰੋੜਾਂ ਦੇਸ਼ ਵਾਸੀਆਂ ਦੀ ਕੰਗਾਲੀ ਤੇ ਭੁੱਖਮਰੀ ਦਾ ਜ਼ਰੀਆ ਬਨਣਗੇ ਅਤੇ ਇਨ੍ਹਾਂ ਕਾਨੂੰਨਾਂ ਦਾ ਲਾਭ ਕੇਵਲ ਅਡਾਨੀ-ਅੰਬਾਨੀ ਜਿਹੇ ਮੁੱਠੀ ਭਰ ਕਾਰਪੋਰੇਟ ਲੋਟੂਆਂ ਅਤੇ ਇਨ੍ਹਾਂ ਦੇ ਸਾਮਰਾਜੀ ਭਾਈਵਾਲਾਂ ਨੂੰ ਪੁੱਜੇਗਾ।
ਆਗੂਆਂ ਨੇ ਕਿਹਾ ਕਿ ਜਦੋਂ ਦੇਸ਼ ਵਾਸੀ ਆਪਣੇ ਅੱਖੀਂ ਦੇਖ ਰਹੇ ਹਨ ਕਿ ਮੋਦੀ ਸਰਕਾਰ ਦੇਸ਼ ਦੇ ਕੁਦਰਤੀ ਖਜਾਣੇ ਅਤੇ ਲਗਭਗ ਸਾਢੇ ਸੱਤ ਦਹਾਕਿਆਂ ਵਿੱਚ ਲੋਕਾਂ ਦੇ ਖੂਨ ਪਸੀਨੇ ਦੀ ਕਮਾਈ ਚੋਂ ਅਦਾ ਕੀਤੇ ਟੈਕਸਾਂ ਰਾਹੀਂ ਉੱਸਰਿਆ ਜਨਤਕ ਖੇਤਰ ਮੁਫਤੋ-ਮੁਫਤੀ ਕਾਰਪੋਰੇਟ ਘਰਾਣਿਆਂ ਨੂੰ ਲੁਟਾ ਰਹੀ ਹੈ ਉਸ ਵੇਲੇ ਮੋਦੀ ਸਰਕਾਰ ਤੇ ਸੰਘ ਭਾਜਪਾ ਦਾ ਨਵੇਂ ਕਾਨੂੰਨਾਂ ਤੋਂ ਕਿਸਾਨਾਂ ਨੂੰ ਬੇਤਹਾਸ਼ਾ ਲਾਭ ਮਿਲਣ ਦਾ ਦਾਅਵਾ ਹਾਸੋਹੀਣਾ ਹੀ ਨਹੀਂ ਬਲਕਿ ਸਿਰੇ ਦਾ ਗੁਮਰਾਹਕੁੰਨ ਵੀ ਹੈ।
ਆਗੂਆਂ ਨੇ ਕਿਹਾ ਕਿ ਦੇਸ਼ ਦੇ ਸਾਰੇ ਮਿਹਨਤਕਸ਼ ਤਬਕਿਆਂ ਅਤੇ ਦੁਨੀਆ ਭਰ ਦੇ ਦੇਸ਼ਾਂ ਦੇ ਇਨਸਾਫ ਪਸੰਦ ਲੋਕਾਂ ਦੇ ਅਪਾਰ ਸਮਰਥਨ ਸਦਕਾ ਹਕੀਕੀ ਜਨ ਸੰਗਰਾਮ ਦਾ ਰੂਪ ਵਟਾ ਚੁੱਕੇ ਕਿਸਾਨ ਸੰਗਰਾਮ ਦੀ ਤਾਕਤ ਅਤੇ ਹਰਮਨ ਪਿਆਰਤਾ ਤੋਂ ਬੌਖਲਾਏ ਸੰਘੀ- ਭਾਜਪਾਈ ਸੰਗਠਨ ਤੇ ਮੋਦੀ-ਸ਼ਾਹ ਸਰਕਾਰ ਐਸੇ ਕੁਕਰਮਾਂ ‘ਤੇ ਉੱਤਰ ਆਏ ਹਨ ਜੋ ਦੇਸ਼ ਦੇ ਜਮਹੂਰੀ ਤੇ ਧਰਮ ਨਿਰਪੱਖ ਢਾਂਚੇ ਅਤੇ ਫੈਡਰਲ ਸਰੋਕਾਰਾਂ ਦਾ ਅਣਕਿਆਸਿਆ ਘਾਣ ਕਰਨ ਵਾਲੇ ਹਨ।
ਉਨ੍ਹਾਂ ਕਿਹਾ ਕਿ ਮੋਦੀ ਸਰਕਾਰ ਵੱਲੋਂ ਦੇਸ਼ ਦੇ ਨਾਮਵਰ ਬੁੱਧੀਜੀਵੀਆਂ, ਅਰਥ ਸ਼ਾਸਤਰੀਆਂ, ਖੇਤੀ ਵਿਗਿਆਨੀਆਂ ਅਤੇ ਹਰ ਖੇਤਰ ਦੀਆਂ ਉੱਘੀਆਂ ਹਸਤੀਆਂ ਦੀ ਰਾਇ ਨੂੰ ਦਰਕਿਨਾਰ ਕਰਨਾ ਬਹੁਤ ਹੀ ਮੰਦਭਾਗਾ ਹੈ।
ਆਗੂਆਂ ਨੇ ਸਮੂੰਹ ਭਰਾਤਰੀ ਜਨਸੰਗਠਨਾਂ ਦੇ ਆਗੂਆਂ ਤੇ ਵਰਕਰਾਂ, ਨੂੰ ਸੱਦਾ ਦਿੱਤਾ ਕਿ ਉਹ 20 ਦਸੰਬਰ ਦਾ ਸ਼ਹੀਦੀ ਦਿਹਾੜਾ ਵੱਡੇ ਪੱਧਰ ਤੇ ਮਨਾਉਣ ਦੀ ਸੁਚੱਜੀ ਵਿਉਂਤਬੰਦੀ ਕਰਨ। ਉਨ੍ਹਾਂ ਸਮੂੰਹ ਲੋਕਾਈ ਨੂੰ ਉਕਤ ਸੱਦੇ ਦੀ ਲਾਮਿਸਾਲ ਕਾਮਯਾਬੀ ਲਈ ਹਰ ਪੱਖੋਂ ਡਟਵਾਂ ਸਹਿਯੋਗ ਦੇਣ ਦੀ ਅਪੀਲ ਕੀਤੀ ।