ਜੁਗਨੀ

ਜੁਗਨੀ ਫੈਸ਼ਨੇਬਲ ਕਹਾਵੇ
ਨਾ ਪੂਰੇ ਕੱਪੜੇ ਪਾਵੇ
ਉਹ ਪੁੱਠੇ ਸਿੱਧੇ ਬਾਣੇ ਪਾਉਂਦੀ ਆ, ਵੀਰ ਮੇਰਿਆ ਜੁਗਨੀ
ਪਿੰਡੇ ਦੀ ਨੁਮਾਇਸ਼ ਲਗਾਉਦੀ ਆ, ਵੀਰ ਮੇਰਿਆ ਜੁਗਨੀ
ਜੁਗਨੀ ਪੇਪਰ ਦੇਣ ਜਦ ਜਾਵੇ
ਪਰਚੀਆਂ ਘਰੋਂ ਬਣਾਕੇ ਲਿਆਵੇ
ਪੇਪਰ ਗਾਇਡਾਂ ਤੋਂ ਕਰਕੇ ਆਉਂਦੀ ਆ, ਵੀਰ ਮੇਰਿਆ ਜੁਗਨੀ
ਤਾਂਹੀਓ ਬੇਰੁਜ਼ਗਾਰ ਕਹਾਊਂਦੀ ਆ, ਵੀਰ ਮੇਰਿਆ ਜੁਗਨੀ
ਜੁਗਨੀ ਕਾਲਜ ਦੇ ਵਿਚ ਪੜਦੀ ਆ
ਫੇਰ ਨੌਕਰੀ ਪਿਛੇ ਲੜਦੀ ਆ
ਕਦੇ ਮਟਕਾ ਚੌਕ ਧਰਨਾ ਧਰਦੀ ਆ, ਵੀਰ ਮੇਰਿਆ ਜੁਗਨੀ
ਹੱਕਾਂ ਦੀ ਖਾਤਰ ਲੜਦੀ ਆ, ਵੀਰ ਮੇਰਿਆ ਜੁਗਨੀ
ਜੁਗਨੀ ਮੋੜਾਂ ਉਤੇ ਖੜਦੀ ਆ
ਕੋਈ ਕੰਮ ਧੰਦਾ ਨਾ ਕਰਦੀ ਆ
ਬਿਨ ਮਤਲਬ ਸਭ ਨਾਲ ਲੜਦੀ ਆ, ਵੀਰ ਮੇਰਿਆ ਜੁਗਨੀ
ਫੇਰ ਠਾਣੇ ਮਿੰਨਤਾਂ ਕਰਦੀ ਆ, ਵੀਰ ਮੇਰਿਆ ਜੁਗਨੀ
ਜੁਗਨੀ ਚਿੱਟਾ ਲਾਕੇ ਹੁੰਦੀ ਤਿਆਰ
ਨਾਲੇ ਭੁੱਕੀ ਦਾ ਫੱਕਾ ਮਾਰ
ਕਦੇ ਅਫੀਮ ਦਾ ਡੱਕਾ ਲਾਉਂਦੀ ਆ, ਵੀਰ ਮੇਰਿਆ ਜੁਗਨੀ
ਨਸ਼ਿਆਂ ਦੇ ਸਹਾਰੇ ਜਿਉਂਦੀ ਆ, ਵੀਰ ਮੇਰਿਆ ਜੁਗਨੀ
ਜੁਗਨੀ ਨੂੰ ਮੱਤ ਕਦੇ ਨਾ ਆਵੇ
ਤਲੀ ਤੇ ਮਲਕੇ ਜਰਦਾ ਖਾਵੇ
ਨਾਲੇ ਸੂਟੇ ਖੂਬ ਲਗਾਉਂਦੀ ਆ, ਵੀਰ ਮੇਰਿਆ ਜੁਗਨੀ
ਫੇਰ ਟੀ ਵੀ ਚੈਕ ਕਰਵਾਉਦੀ ਆ, ਵੀਰ ਮੇਰਿਆ ਜੁਗਨੀ
ਜੁਗਨੀ ਆਸ਼ਕੀ ’ਚ ਪੈਰ ਟਿਕਾਉਦੀ ਆ
ਲੋਕਾਂ ਤੋਂ ਛਿੱਤਰ ਪਰੇਡ ਕਰਾਉਦੀ ਆ
ਖੋਤੇ ਤੇ ਚੜਕੇ ਆਉਦੀ ਆ, ਵੀਰ ਮੇਰਿਆ ਜੁਗਨੀ
ਫੇਰ ਕੀਤੇ ਤੇ ਪਛਤਾਉਦੀ ਆ, ਵੀਰ ਮੇਰਿਆ ਜੁਗਨੀ।
ਜੁਗਨੀ ਨੂੰ ਕੋਈ ਮੋੜ ਲਿਆਵੇ
ਪੁੱਠੇ ਤੋਂ ਸਿੱਧੇ ਰਸਤੇ ਪਾਵੇ
ਸੇਵਕ ਦੀ ਕਲਮ ਵਾਸਤੇ ਪਾਉਦੀ ਆ, ਵੀਰ ਮੇਰਿਆ ਜੁਗਨੀ।
ਦੇਸ਼ ਦਾ ਨਾਮ ਚਮਕਾਉਦੀ ਆ, ਵੀਰ ਮੇਰਿਆ ਜੁਗਨੀ।