ਕੇਂਦਰ ਸਰਕਾਰ ਨਾਲ ਟੱਕਰ ਲੈਣ ਵਾਲੀ ਜੱਥੇਬੰਦੀਆਂ ਨੂੰ ਦਿਲੋਂ ਸਲਾਮ- ਧਾਲੀਵਾਲ
ਤਪਾ ਮੰਡੀ,14 ਦਸੰਬਰ (ਸੱਚੀ ਖ਼ਬਰ) ਆਰਡੀਨੈਂਸ ਬਿੱਲਾ ਨੂੰ ਰੱਦ ਕਰਾਉਣ ਲਈ ਕੇਂਦਰ ਸਰਕਾਰ ਨਾਲ ਟੱਕਰ ਲੈਣ ਵਾਲੀਆਂ ਕਿਸਾਨ ਜੱਥੇਬੰਦੀਆਂ ਨੂੰ ਦਿਲੋਂ ਸਲਾਮ ਕੀਤਾ ਜਾਵੇ ਤਾਂ ਉਹ ਵੀ ਘੱਟ ਹੈ,ਇਨਾਂ ਸ਼ਬਦਾਂ ਦਾ ਪ੍ਰਗਟਾਵਾ ਸ਼੍ਰੋਮਣੀ ਅਕਾਲੀ ਦਲ ਪਾਰਟੀ ਦੇ ਟਕਸਾਲੀ ਜੱਥੇਦਾਰ ਸਾਧੂ ਸਿੰਘ ਧਾਲੀਵਾਲ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ। ਉਨਾਂ ਕਿਹਾ ਕਿ ਦੇਸ਼ ਦੀ ਰੀੜ ਦੀ ਹੱਡੀ ਅਖਵਾਏ ਜਾਣ ਵਾਲੇ ਪੰਜਾਬ ਸੂਬੇ ਨਾਲ ਹਮੇਸ਼ਾਂ ਹੀ ਧੱਕਾ ਹੁੰਦਾ ਆ ਰਿਹਾ ਹੈ। ਕੇਂਦਰ ਸਰਕਾਰ ਵੱਲੋਂ ਕਿਸਾਨ ਵਿਰੋਧੀ ਕਾਲੇ ਕਾਨੂੰਨਾਂ ਰਾਹੀਂ ਐਲਾਣੇ ਤਿੰਨੇ ਆਰਡੀਨੈਂਸ ਬਿੱਲ ਕਿਸਾਨਾਂ,ਮਜਦੂਰਾਂ,ਦੁਕਾਨਦਾਰਾਂ ਆੜਤੀਆਂ ਅਤੇ ਪੰਜਾਬ ਦੇ ਹਰ ਵਰਗ ਲਈ ਖ਼ਤਰਨਾਕ ਸਾਬਤ ਹੋ ਰਹੇ ਹਨ,ਕਿਉਂਕਿ ਜੇਕਰ ਕਿਸਾਨੀ ਹੀ ਨਹੀਂ ਰਹੀ ਤਾਂ ਪੰਜਾਬ ਦਾ ਹਰ ਵਰਗ ਤਰੱਕੀ ਤੋਂ ਪਛੜ ਜਾਵੇਗਾ। ਜੱਥੇਦਾਰ ਸਾਧੂ ਸਿੰਘ ਧਾਲੀਵਾਲ ਨੇ ਕਿਹਾ ਕਿ ਸਾਰੀਆ ਕਿਸਾਨਾਂ,ਮਜ਼ਦੂਰਾਂ,ਕਿਸਾਨ ਜੱਥੇਬੰਦੀਆਂ,ਨੌਜਵਾਨਾਂ,ਬਜੁਰਗਾਂ ਛੋਟੇ ਬੱਚਿਆਂ,ਸਮਾਜ ਸੇਵੀ ਸੰਸਥਾਵਾਂ,ਸਮੇਤ ਸਾਰੀਆਂ ਜੱਥੇਬੰਦੀਆਂ ਨੇ ਦਿੱਲੀ ਦੀ ਕੇਂਦਰ ਸਰਕਾਰ ਖਿਲਾਫ ਇਕਜੁਟਤਾ ਦਿਖਾ ਕੇ ਪੰਜਾਬ ਦਾ ਨਾਮ ਇਕ ਵਾਰ ਫਿਰ ਦੁਨੀਆਂ ਭਰ ਵਿੱਚ ਚਰਚਾ ਦਾ ਵਿਸ਼ਾ ਬਣਿਆ ਹੋਇਆ ਹੈ ਕਿਉਂਕਿ ਇਤਿਹਾਸ ਗਵਾਹ ਹੈ ਕਿ ਜਦੋਂ ਵੀ ਭਾਰਤ ਦੇਸ਼ ਤੇ ਕੋਈ ਵੀ ਮੁਸੀਬਤ ਆਉਣ ਸਮੇਂ ਪੰਜਾਬ ਨੇ ਸਾਰੇ ਸੂਬਿਆਂ ਤੋਂ ਪਹਿਲਾ ਕੁਰਬਾਨੀਆਂ ਪੰਜਾਬ ਨੇ ਹੀ ਦਿੱਤੀਆਂ ਹਨ। ਕਿਸਾਨ ਵਿਰੋਧੀ ਆਰਡੀਨੈਂਸ ਬਿੱਲਾਂ ਨੂੰ ਲੈਕੇ ਪੰਜਾਬ ਵਲੋਂ ਦਿੱਲੀ ਵਿੱਚ ਸ਼ਾਂਤਮਈ ਤਰੀਕੇ ਨਾਲ ਸੰਘਰਸ਼ ਕੀਤਾ ਜਾ ਰਿਹਾ ਹੈ। ਸਾਰੀ ਦੁਨੀਆਂ ਇਸ ਸ਼ਾਂਤਮਈ ਕਿਸਾਨੀ ਸੰਘਰਸ਼ ਨੂੰ ਲੈਕੇ ਪੰਜਾਬ ਦੇ ਕਿਸਾਨਾਂ ਦੀਆਂ ਤਰੀਫ਼ਾਂ ਕਰ ਰਹੀ ਹੈ,ਪਰ ਉੱਥੇ ਹੀ ਕੇਂਦਰ ਸਰਕਾਰ ਵੱਲੋਂ ਕਿਸਾਨ ਵਿਰੋਧੀ ਬਿੱਲਾਂ ਦੇ ਰਵੱਈਏ ਨੂੰ ਲੈ ਕੇ ਆਪੋ ਆਪਣੇ ਵਿਚਾਰ ਵੀ ਪੇਸ਼ ਕਰ ਰਹੇ ਹਨ। ਉਨਾਂ ਆਖਿਆ ਕਿ ਕੇਂਦਰ ਸਰਕਾਰ ਨਾਲ ਕਿਸਾਨ ਜੱਥੇਬੰਦੀਆਂ ਵੱਲੋਂ ਕੀਤੀਆਂ ਜਾ ਰਹੀਆਂ ਉੱਚ ਪੱਧਰੀਆਂ ਮੀਟਿੰਗਾਂ ਨੂੰ ਲੈਕੇ ਜੱਥੇਬੰਦੀ ਦੇ ਆਗੂਆਂ ਨੂੰ ਦਿਲੋਂ ਸਲਾਮ ਕਰਦੇ ਹਨ। ਕਿਸਾਨਾਂ ਨੇ ਆਪਣੇ ਸਵਾਲਾਂ ਦੀ ਝੜੀ ਤੇ ਕੇਂਦਰ ਸਰਕਾਰ ਨੂੰ ਵੀ ਭਾਜੜਾਂ ਪਾ ਦਿੱਤੀਆਂ। ਪੰਜਾਬ ਦੇ ਕਿਸਾਨਾ ਨੇ ਹੱਕਾਂ ਲਈ ਵੱਡੀਆਂ ਕੁਰਬਾਨੀਆਂ ਦੇਕੇ ਸੰਘਰਸ਼ ਲਈ ਦਿਨ-ਰਾਤ ਕਰ ਦਿੱਤਾ ਹੈ। ਕੇਂਦਰ ਦੀ ਮੋਦੀ ਸਰਕਾਰ ਨੂੰ ਚਾਹੀਦਾ ਹੈ ਕਿ ਜਲਦ ਹੀ ਤਿੰਨੇ ਆਰਡੀਨੈਂਸ ਬਿੱਲਾਂ ਨੂੰ ਰੱਦ ਕਰਕੇ ਪੰਜਾਬ ਦੀ ਕਿਸਾਨੀ ਦੇ ਨਾਲ-ਨਾਲ ਪੰਜਾਬ ਅਤੇ ਪੂਰੇ ਦੇਸ਼ ਨੂੰ ਬਚਾਇਆ ਜਾ ਸਕੇ ਤਾਂ ਜੋ ਦੇਸ਼ ਦੂਜੇ ਦੇਸ਼ਾਂ ਨਾਲੋਂ ਪਿਛੜ ਨਾ ਜਾਵੇ।
very good