ਇੰਗਲਿਸ਼ ਬੂਸਟਰ ਕਲੱਬਾਂ ਅਧੀਨ ਸਰਕਾਰੀ ਸਕੂਲਾਂ ਦੇ ਪ੍ਰਤਿਭਾਸ਼ਾਲੀ ਵਿਦਿਆਰਥੀਆਂ ਦੀ ਆਨ-ਲਾਈਨ ਮਿਲਣੀ ਕਰਵਾਉਣ ਦਾ ਫੈਸਲਾ ਬਲਾਕ ਪੱਧਰ ਤੇ 28 ਦਸੰਬਰ ਤੱਕ ਕਰਵਾਈਆਂ ਜਾਣਗੀਆਂ ਮਿਲਣੀਆਂ

ਬਰਨਾਲਾ,14 ਦਸੰਬਰ- (ਚੰਡਿਹੋਕ)
ਸਕੂਲ ਸਿੱਖਿਆ ਵਿਭਾਗ ਵੱਲੋਂ ਸਿੱਖਿਆ ਮੰਤਰੀ ਸ੍ਰੀ ਵਿਜੇ ਇੰਦਰ ਸਿੰਗਲਾ ਦੀ ਰਹਿਨੁਮਾਈ ਅਤੇ ਸਿੱਖਿਆ ਸਕੱਤਰ ਸ੍ਰੀ ਕ੍ਰਿਸ਼ਨ ਕੁਮਾਰ ਦੀ ਯੋਗ ਅਗਵਾਈ ਅਧੀਨ ਸਰਕਾਰੀ ਸਕੂਲਾਂ ਵਿਚ ਸਥਾਪਿਤ ਇੰਗਲਿਸ਼ ਬੂਸਟਰ ਕਲੱਬਾਂ ਦੀਆਂ ਗਤੀਵਿਧੀਆਂ ਨੂੰ ਅਧਿਆਪਕਾਂ ਅਤੇ ਵਿਦਿਆਰਥੀਆਂ ਵੱਲੋਂ ਭਰਵਾਂ ਹੁੰਗਾਰਾ ਦਿੱਤਾ ਜਾ ਰਿਹਾ ਹੈ।ਕਲੱਬ ਗਤੀਵਿਧੀਆਂ ਅਧੀਨ ਸਰਕਾਰੀ ਸਕੂਲਾਂ ਦੇ ਅਧਿਆਪਕਾਂ ਅਤੇ ਮੁਖੀਆਂ ਦੀਆਂ ਆਨਲਾਈਨ ਮਿਲਣੀਆਂ (ਵਰਚੂਅਲ ਗੈੱਟ ਟੂਗੈਦਰ) ਆਯੋਜਿਤ ਕਰਨ ਤੋਂ ਬਾਅਦ ਹੁਣ ‘ਪ੍ਰਤਿਭਾਸ਼ਾਲੀ ਵਿਦਿਆਰਥੀਆਂ ਦੀ ਆਨ-ਲਾਈਨ ਮਿਲਣੀ’ (ਸਟਾਰਜ਼ ਗੈੱਟ ਟੂਗੈਦਰ) ਬਲਾਕ ਪੱਧਰ ਤੇ 28 ਦਸੰਬਰ ਤੱਕ ਕੀਤੀ ਜਾਵੇਗੀ।
ਸਟੇਟ ਰਿਸੋਰਸ ਪਰਸਨ ਅੰਗਰੇਜ਼ੀ ਅਤੇ ਸਮਾਜਿਕ ਸਿੱਖਿਆ ਸ੍ਰੀ ਚੰਦਰ ਸ਼ੇਖਰ ਨੇ ਦੱਸਿਆ ਕਿ ਵੱਖ ਵੱਖ ਸਕੂਲਾਂ ਦੇ ਨਾਲ-ਨਾਲ ਬਲਾਕ ਅਤੇ ਜ਼ਿਲ੍ਹਾ ਪੱਧਰ ‘ਤੇ ਇੰਗਲਿਸ਼ ਬੂਸਟਰ ਕਲੱਬਾਂ ਦੀ ਅਗਵਾਈ ਹੇਠ ਕਰਵਾਈਆਂ ਜਾ ਰਹੀਆਂ ਗਤੀਵਿਧੀਆਂ ਵਿਸ਼ੇਸ਼ ਤੌਰ’ ਤੇ ਭਾਸ਼ਾ ਦੇ ਹੁਨਰ ਦਾ ਨਿਰਮਾਣ ਲਈ ਵਰਦਾਨ ਸਿੱਧ ਹੋ ਰਹੀਆਂ ਹਨ। ਅੰਗਰੇਜ਼ੀ ਵਿਚ ਗੱਲਬਾਤ ਕਰਨ ਲਈ ਸਵੈ-ਵਿਸ਼ਵਾਸ ਨੂੰ ਵਧਾਉਣ ਲਈ ਅਨੁਕੂਲ ਵਾਤਾਵਰਣ ਦਾ ਹੋਣਾ ਬਹੁਤ ਜ਼ਰੂਰੀ ਹੈ। ਇੰਗਲਿਸ਼ ਬੂਸਟਰ ਕਲੱਬ ਵਿਦਿਆਰਥੀਆਂ ਨੂੰ ਅੱਗੇ ਆ ਕੇ ਭਾਸ਼ਾ ਸਿੱਖਣ ਲਈ ਉਤਸੁਕਤਾ ਦਿਖਾਉਣ ਲਈ ਪ੍ਰੇਰਿਤ ਕਰ ਰਹੇ ਹਨ। ਉਹਨਾਂ ਅੱਗੇ ਕਿਹਾ ਕਿ ਵਿਦਿਆਰਥੀਆਂ ਦੀ ਬੋਲਣ ਦੀ ਯੋਗਤਾ ਵਿੱਚ ਸੁਧਾਰ ਹੋਇਆ ਹੈ ਅਤੇ ਉਹ ਹੁਣ ਅੰਗਰੇਜ਼ੀ ਵਿੱਚ ਗੱਲਬਾਤ ਕਰਦਿਆਂ ਕੋਈ ਡਰ ਜਾਂ ਝਿਜਕ ਮਹਿਸੂਸ ਨਹੀਂ ਕਰਦੇ।
ਜਿਲ੍ਹਾ ਸਿੱਖਿਆ ਅਫਸਰ ਸੈਕੰਡਰੀ ਸ੍ਰ ਸਰਬਜੀਤ ਸਿੰਘ ਤੂਰ ਅਤੇ ਉਪ ਜਿਲ੍ਹਾ ਸਿੱਖਿਆ ਅਫ਼ਸਰ ਸੈਕੰਡਰੀ ਸ੍ਰੀਮਤੀ ਹਰਕੰਵਲਜੀਤ ਕੌਰ ਨੇ ਦੱਸਿਆ ਕਿ ਵਿਦਿਆਰਥੀਆਂ ਦੇ ਸਵੈ-ਵਿਸ਼ਵਾਸ ਦੇ ਪੱਧਰ ਨੂੰ ਉਤਸ਼ਾਹ ਦੇਣ ਦੇ ਮੱਦੇਨਜ਼ਰ ਸਿੱਖਿਆ ਵਿਭਾਗ ਨੇ “ਸਟਾਰ ਵਿਦਿਆਰਥੀਆਂ ਦੀ ਮਿਲਣੀ” ਗਤੀਵਿਧੀ ਸ਼ੁਰੂ ਕਰਨ ਦੀ ਯੋਜਨਾ ਬਣਾਈ ਹੈ। ਇਸ ਗਤੀਵਿਧੀ ਤਹਿਤ ਹਰ ਬਲਾਕ ਦੇ ਨੌਵੀਂ ਤੋਂ ਬਾਰ੍ਹਵੀਂ ਜਮਾਤ ਦੇ ਤਕਰੀਬਨ 16 ਤੋਂ 20 ਵਿਦਿਆਰਥੀ ਸੰਬੰਧਿਤ ਬਲਾਕ ਦੇ ਗਾਈਡ ਅਧਿਆਪਕਾਂ ਦੇ ਨਾਲ ਇਸ ਸਰਗਰਮੀ ਵਿਚ ਹਿੱਸਾ ਲੈਣਗੇ। ਉਹ ਵੱਖ-ਵੱਖ ਵਿਸ਼ਿਆਂ ਜਿਵੇਂ “ਮੈਂ ਆਪਣੇ ਭਾਰਤ ਨੂੰ ਪਿਆਰ ਕਰਦਾ ਹਾਂ,” “ ਮੇਰੇ ਸੁਪਨਿਆਂ ਦਾ ਪੰਜਾਬ,” ਇੰਗਲਿਸ਼ ਬੂਸਟਰ ਕਲੱਬਾਂ ਦੇ ਸੰਬੰਧ ਵਿੱਚ ਵਿਚਾਰ”, “ਸਵੈ-ਵਿਸ਼ਵਾਸ”, “ਸਵੱਛਤਾ ਇੱਕ ਵਰਦਾਨ ਹੈ”, ” ਮੋਬਾਇਲ ਫੋਨ ਦੀ ਵਰਤੋਂ ਦੇ ਹੱਕ’ ਚ / ਵਿਰੋਧ ਵਿੱਚ ਵਿਚਾਰ,” “ਖੇਡਾਂ ਸਾਨੂੰ ਫਿੱਟ ਰੱਖਦੀਆਂ ਹਨ,” “ਬੋਲਣ ਤੋਂ ਪਹਿਲਾਂ ਸੋਚੋ,” “ ਚੰਗਾ ਸਲੀਕਾ ਮਨੁੱਖਤਾ ਦਾ ਅਧਾਰ ਹੈ,” “ ਮੈਨੂੰ ਮੇਰੀ ਨਵੀਂ ਕਿਤਾਬ – ਵੈਲਕਮ ਲਾਈਫ ਪਸੰਦ ਹੈ,” “ਜੇ ਮੈਂ ਇੱਕ ਅੰਗਰੇਜ਼ੀ ਅਧਿਆਪਕ ਹੁੰਦਾ,” ਤੇ ਅਪਣੇ ਵਿਚਾਰ ਪੇਸ਼ ਕਰਨਗੇ।
ਸ੍ਰ ਅਮਨਿੰਦਰ ਸਿੰਘ ਜ਼ਿਲ੍ਹਾ ਮੈਂਟਰ ਅੰਗਰੇਜ਼ੀ ਅਤੇ ਸਮਾਜਿਕ ਸਿੱਖਿਆ ਅਤੇ ਸ੍ਰੀਮਤੀ ਗਾਇਤਰੀ ਜੋਤੀ ਜਿਲ੍ਹਾ ਰਿਸੋਰਸ ਪਰਸਨ ਅੰਗਰੇਜ਼ੀ ਨੇ ਦੱਸਿਆ ਕਿ ਸਾਰੇ ਭਾਗੀਦਾਰਾਂ ਲਈ ਬੋਲਣ ਦਾ ਸਮਾਂ 45 ਤੋਂ 90 ਸਕਿੰਟ ਤੱਕ ਹੋਵੇਗਾ।ਉਹਨਾਂ ਦੱਸਿਆ ਕਿ ਜਿਲ੍ਹਾ ਸਿੱਖਿਆ ਅਫ਼ਸਰ ਸੈਕੰਡਰੀ ਅਤੇ ਪ੍ਰਾਇਮਰੀ ਸਮਾਗਮ ਦੀ ਪ੍ਰਧਾਨਗੀ ਕਰਨਗੇ। ਉਪ-ਜਿਲ੍ਹਾ ਸਿੱਖਿਆ ਅਫ਼ਸਰ ਸੈਕੰਡਰੀ ਅਤੇ ਪ੍ਰਾਇਮਰੀ, ਡਾਇਟ ਪ੍ਰਿੰਸੀਪਲ, ਬੀ.ਪੀ.ਈ.ਓਜ਼, ਡੀ.ਐਮਜ਼, ਜ਼ਿਲ੍ਹਾ ਰਿਸੋਰਸ ਪਰਸਨ, ਪੜ੍ਹੋ ਪੰਜਾਬ ਜ਼ਿਲ੍ਹਾ ਕੋਆਰਡੀਨੇਟਰ ਅਤੇ ਮੀਡੀਆ ਕੋਆਰਡੀਨੇਟਰਾਂ ਨੂੰ ਵੀ ਵਿਸ਼ੇਸ਼ ਮਹਿਮਾਨਾਂ ਵਜੋਂ ਸਮਾਗਮ ਵਿੱਚ ਸ਼ਾਮਲ ਹੋਣ ਲਈ ਸੱਦਾ ਦਿੱਤਾ ਜਾਵੇਗਾ।
ਉਹਨਾਂ ਕਿਹਾ ਕਿ ਇਸ ਗਤੀਵਿਧੀ ਵਿੱਚ ਹਿੱਸਾ ਲੈਣ ਵਾਲਿਆਂ ਨੂੰ ਸਬੰਧਤ ਜ਼ਿਲ੍ਹਾ ਸਿੱਖਿਆ ਅਫ਼ਸਰਾਂ ਵੱਲੋਂ ਪ੍ਰਸੰਸਾ ਪੱਤਰਾਂ ਨਾਲ ਸਨਮਾਨਿਤ ਕੀਤਾ ਜਾਵੇਗਾ।
good