ਅੰਮ੍ਰਿਤਾ ਪ੍ਰੀਤਮ ਦਾ ਜੀਵਨ,,,,,,,,
ਪੰਜਾਬੀ ਸਾਹਿਤ ਅਤੇ ਕਾਵਿ -ਖੇਤਰ ਵਿੱਚ ਅੰਮ੍ਰਿਤਾ ਪ੍ਰੀਤਮ ਨੇ ਬੜੀ ਲੰਮੀ ਵਾਟ ਤੈਅ ਕੀਤੀ ਹੈ। ਅੰਮ੍ਰਿਤਾ ਪ੍ਰੀਤਮ ਇੱਕ ਪੰਜਾਬੀ ਲੇਖਕ, ਕਵੀ, ਨਾਵਲਕਾਰ, ਕਹਾਣੀਕਾਰ ਅਤੇ ਵਾਰਤਕਕਾਰ ਸੀ। ਉਸਨੂੰ ਪੰਜਾਬੀ ਭਾਸ਼ਾ ਦੇ 20ਵੀਂ ਸਦੀ ਦੇ ਸਭ ਤੋਂ ਅਹਿਮ ਕਵੀਆਂ ਵਿੱਚ ਮੰਨਿਆ ਜਾਂਦਾ ਹੈ ਅਤੇ ਪਹਿਲੀ ਅਹਿਮ ਨਾਰੀ ਲੇਖਕ ਮੰਨਿਆ ਜਾਂਦਾ ਹੈ। ਅੰਮ੍ਰਿਤਾ ਪ੍ਰੀਤਮ ਨੇ 15 ਵਰੇ੍ ਦੀ ਉਮਰ ਵਿੱਚ ਰੂਹਾਨੀ ਰਵਾਇਤੀ ਅਤੇ ਗਾਏ ਜਾਣ ਵਾਲੇ ਗੀਤਾਂ ਦੀ ਪਹਿਲੀ ਪੁਸਤਕ “ਠੰਡੀਆਂ ਕਿਰਨਾਂ” ਨਾਲ ਆਪਣਾ ਕਾਵਿ-ਸਫ਼ਰ ਆਰੰਭ ਕੀਤਾ ਤੇ ਫਿਰ ਸਮਾਜਿਕ ਅਤੇ ਰੁਮਾਂਟਿਕ ਵਿਸ਼ਿਆਂ ਵੱਲ ਚੱਲ ਪਈ। ਇਸ ਸਫ਼ਰ ਤੇ ਤੁਰਨ ਤੋਂ ਥੋੜੀ ਦੇਰ ਬਾਅਦ ਹੀ ਉਹ ਪੰਜਾਬੀ ਲੇਖਕਾਂ ਦੀ ਮੂਹਰਲੀ ਕਤਾਰ ਵਿੱਚ ਮਹਤੱਵ ਪੂਰਨ ਸਥਾਨ ਬਨਾਉਣ ਵਿੱਚ ਕਾਮਯਾਬ ਹੋ ਗਈ। ਅੰਮ੍ਰਿਤਾ ਪ੍ਰੀਤਮ ਨੇ ਕਵਿਤਾ, ਨਾਵਲ, ਜੀਵਨੀ, ਨਿਬੰਧ ਆਦਿ ਵਿਧਾਵਾਂ ਦੇ ਅੰਦਰ 100 ਤੋਂ ਵੱਧ ਕਿਤਾਬਾਂ ਲਿਖੀਆਂ ਹਨ। ਇਨ੍ਹਾਂ ਵਿੱਚ ਪੰਜਾਬੀ ਲੋਕ ਗੀਤਾਂ ਦਾ ਇੱਕ ਸੰਗ੍ਰਿਹ ਅਤੇ ਇੱਕ ਆਤਮਕਥਾ ਵੀ ਹੈ। ਉਸਦੀਆਂ ਕਿਤਾਬਾਂ ਨੂੰ ਕਈ ਭਾਰਤੀ ਅਤੇ ਵਿਦੇਸ਼ੀ ਭਾਸ਼ਾਵਾਂ ਵਿੱਚ ਅਨੁਵਾਦ ਵੀ ਕੀਤਾ ਗਿਆ ਹੈ।
ਅੰਮ੍ਰਿਤਾ ਪ੍ਰੀਤਮ ਦਾ ਜਨਮ 31 ਅਗਸਤ 1919 ਨੂੰ ਗਿਆਨੀ ਕਰਤਾਰ ਸਿੰਘ ਹਿੱਤਕਾਰੀ ਦੇ ਘਰ ਮਾਤਾ ਰਾਜ ਦੀ ਕੁੱਖੋਂ ਗੁਜਰਾਂਵਾਲਾ , ਪਾਕਿਸਤਾਨ ਵਿੱਚ ਹੋਇਆ। ਅੰਮ੍ਰਿਤਾ ਪ੍ਰੀਤਮ ਦੇ ਪਿਤਾ ਸ. ਕਰਤਾਰ ਸਿੰਘ ਹਿੱਤਕਾਰੀ ਬਿਆਜ ਭਾਸ਼ਾ ਅਤੇ ਪੰਜਾਬੀ ਦੇ ਲੇਖਕ ਸਨ।ਅੰਮ੍ਰਿਤਾ ਪ੍ਰੀਤਮ ਨੇ ਕਾਫ਼ੀਏ, ਰਦੀਫ਼ ਦੀ ਜਾਣਕਾਰੀ ਅਤੇ ਕਾਵਿ ਰਚਨਾ ਦਾ ਹੋਰ ਮੁੱਢਲਾ ਗਿਆਨ ਆਪਣੇ ਪਿਤਾ ਤੋਂ ਪ੍ਰਾਪਤ ਕੀਤਾ। ਅੰਮ੍ਰਿਤਾ ਪ੍ਰੀਤਮ ਨੇ ਆਪਣੀ ਪਹਿਲੀ ਆਪਣੀ ਕਾਵਿਤਾ ਗਿਆਰਾਂ ਸਾਲ ਦੀ ਉਮਰ ਵਿੱਚ ਲਿਖੀ। ਅੰਮ੍ਰਿਤਾ ਪ੍ਰੀਤਮ ਨੇ ਆਪਣਾ ਬਚਪਨ ਅਤੇ ਜਵਾਨੀ ਲਾਹੌਰ ਵਿੱਚ ਗੁਜ਼ਾਰੇ। ਅੰਮ੍ਰਿਤਾ ਪ੍ਰੀਤਮ ਦੀ ਮਾਤਾ ਨੇ ਚਾਰ ਸਾਲ ਦੀ ਉਮਰ ਵਿੱਚ ਇਸ ਦੀ ਕੁੜਮਾਈ ਦੂਰ ਦੇ ਰਿਸ਼ਤੇ ਵਿੱਚ ਭੂਆ ਦੇ ਪੁੱਤਰ ਨਾਲ ਕਰ ਦਿੱਤੀ। ਜਦੋਂ ਇਹ ਗਿਆਰਾਂ ਸਾਲਾਂ ਦੀ ਸੀ ਤਾਂ ਇਸਦੀ ਮਾਂ ਦੀ ਮੌਤ ਹੋ ਗਈ।
ਅੰਮ੍ਰਿਤਾ ਪ੍ਰੀਤਮ ਨੇ 1932 ਵਿੱਚ ਅੱਠਵੀਂ ਅਤੇ ਵਿਦਵਾਨੀ ਦੀਆਂ ਪ੍ਰੀਖਿਆਵਾਂ ਪਾਸ ਕੀਤੀਆਂ। 1933 ਵਿੱਚ ਗਿਆਨੀ ਪਾਸ ਕੀਤੀ ਅਤੇ ਫਿਰ ਪੰਜਾਬ ਯੂਨੀਵਰਸਿਟੀ, ਲਾਹੌਰ ਤੋਂ ਦਸਵੀਂ ਪਾਸ ਕੀਤੀ। ਅੰਮ੍ਰਿਤਾ ਪ੍ਰੀਤਮ ਕਈ ਭਾਸ਼ਾਵਾਂ ਦੀ ਮਾਹਿਰ ਸੀ। 15 ਮਈ 1973 ਨੂੰ ਦਿੱਲੀ ਯੂਨੀਵਰਸਿਟੀ ਵੱਲੋਂ ਡੀ.ਲਿਟ ਦੀ ਆਨਰੇਰੀ ਡਿਗਰੀ ਮਿਲੀ ਅਤੇ ਆਜ਼ਾਦ ਭਾਰਤ ਦੀ ਪਦਮਸ੍ਰੀ ਦੀ ਉਪਾਧੀ ਮਿਲੀ। ਅੰਮ੍ਰਿਤਾ ਦਾ ਬਚਪਨ ਲਾਹੌਰ ਵਿਖੇ ਗੁਜ਼ਰਿਆ ਤੇ ਸਿੱਖਿਆ ਵੀ ਉਥੇ ਹੀ ਹੋਈ। ਅੰਮ੍ਰਿਤਾ ਪ੍ਰੀਤਮ ਨੇ ਕਾਫੀ ਸਮੇਂ ਤੱਕ ਲਾਹੌਰ ਰੇਡੀਓ ਸਟੇਸ਼ਨ ਵਿੱਚ ਨੌਕਰੀ ਕਰਦੀ ਰਹੀ। ਦੇਸ਼ ਵੰਡ ਮਗਰੋਂ ਉਹ ਆਲ ਇੰਡੀਆ ਰੇਡੀਓ ਨਵੀਂ ਦਿੱਲੀ ਵਿੱਚ ਅਨਾਊਸਰ ਅਤੇ ਸਕਰਿਪਟ -ਰਾਈਟਰ ਲੱਗੀ ਰਹੀ ।
ਅੰਮ੍ਰਿਤ ਦਾ ਵਿਆਹ 16 ਸਾਲਾਂ ਦੀ ਉਮਰ ਵਿੱਚ ਐਡੀਟਰ ਪ੍ਰੀਤਮ ਸਿੰਘ ਨਾਲ ਹੋ ਗਿਆ ਜਿਸ ਤੋਂ ਬਾਅਦ ਉਨ੍ਹਾਂ ਨੇ ਆਪਣਾ ਨਾਮ ਅੰਮ੍ਰਿਤਾ ਪ੍ਰੀਤਮ ਬਦਲ ਲਿਆ। ਵਿਆਹ ਤੋਂ ਪਹਿਲਾ ਅੰਮ੍ਰਿਤਾ ਪ੍ਰੀਤਮ ਦਾ ਨਾਮ ਕੇਵਲ ਅੰਮ੍ਰਿਤ ਹੀ ਸੀ। ਅੰਮ੍ਰਿਤਾ ਪ੍ਰੀਤਮ ਨੇ ਦੋ ਬੱਚੇ ਪੁੱਤਰ ਨਵਰਾਜ ਅਤੇ ਪੁੱਤਰੀ ਕੰਦਲਾ ਨੂੰ ਜਨਮ ਦਿੱਤਾ। ਦੇਸ਼ ਦੀ ਵੰਡ ਤੋਂ ਪਿੱਛੋਂ ਉਹ ਲਾਹੌਰ ਤੋਂ ਦੇਹਰਾਦੂਨ ਅਤੇ ਫਿਰ ਦਿੱਲੀ ਆ ਗਈ। ਅੰਮ੍ਰਿਤਾ ਪ੍ਰੀਤਮ ਦਾ ਸਾਹਿਤ ਅਧਿਐਨ ਤੇ ਰਚਨਾ ਤੋਂ ਇਲਾਵਾ ਇਸਨੂੰ ਸੰਗੀਤ, ਫ਼ੋਟੋਗਰਾਫ਼ੀ ਅਤੇ ਟੈਨਿਸ ਖੇਡਣ ਦਾ ਵੀ ਸ਼ੌਕ ਸੀ।
ਇਸ ਤੋਂ ਬਾਅਦ 1936 ਵਿੱਚ ਅੰਮ੍ਰਿਤਾ ਦੀ ਪਹਿਲੀ ਕਿਤਾਬ “ਅੰਮ੍ਰਿਤ-ਲਹਿਰਾਂ” ਪ੍ਰਕਾਸ਼ਿਤ ਹੋਈ। ਜਿਸ ਤੋਂ ਬਾਅਦ ਅਗਲੇ 7 ਸਾਲਾਂ ਵਿੱਚ 6 ਹੋਰ ਕਾਵਿ-ਪੁਸਤਕਾਂ ਅੰਮ੍ਰਿਤਾ ਪ੍ਰੀਤਮ ਦੇ ਨਾਮ ਹੇਠ ਪ੍ਰਕਾਸ਼ਿਤ ਹੋਈਆਂ।17 ਸਾਲ ਲਾਹੌਰ ਵਿੱਚ ਰਹਿਣ ਦੇ ਬਾਅਦ 1947 ਵਿੱਚ ਅੰਮ੍ਰਿਤਾ ਪ੍ਰੀਤਮ ਆਪਣੇ ਪਤੀ ਨਾਲ ਨਵੇਂ ਬਣੇ ਭਾਰਤ ਵਿੱਚ ਆ ਗਈ। ਇੱਕ ਰੋਮਾਂਟਿਕ ਕਵਿਤਰੀ ਵਜੋਂ ਆਪਣਾ ਕਾਵਿ ਜੀਵਨ ਸ਼ੁਰੂ ਕਰਨ ਵਾਲੀ ਅੰਮ੍ਰਿਤਾ ਦਾ ਦੂਜਾ ਰੂਪ ਸਾਨੂੰ ਦੇਖਣ ਨੂੰ ਮਿਲਿਆ। ਪਹਿਲਾਂ 1943 ਦੇ ਬੰਗਾਲ ਸੋਕੇ ਵੇਲੇ ਲਿਖੀਆਂ ਉਨ੍ਹਾਂ ਦੀਆਂ ਕਵਿਤਾਵਾਂ ਵਿੱਚ ਅਤੇ ਫੇਰ ਭਾਰਤ-ਪਾਕਿਸਤਾਨ ਦੀ ਬਣਤਰ ਦੌਰਾਨ ਹੋਏ ਦੰਗਿਆਂ ਉੱਪਰ ਲਿਖੀ ਕਵਿਤਾ “ਅੱਜ ਆਖਾਂ ਵਾਰਿਸ ਸ਼ਾਹ ਨੂੰ” ਵਿੱਚ।
ਧਰਤੀ ਤੇ ਲਹੂ ਰੱਸਿਆਂ, ਕਬਰਾਂ ਪਈਆਂ ਚੋਣ
ਪ੍ਰੀਤ ਦੀਆਂ ਸ਼ਹਿਜ਼ਾਦੀਆਂ ਅੱਜ ਵਿਚ ਮਜ਼ਾਰੀ ਰੋਣ
ਅੱਜ ਸਭੇ ਕੈਦੋ ਬਣ ਗਏ, ਹੁਸਨ ਇਸ਼ਕ ਦੇ ਚੋਰ
ਕਿੱਥੋ ਲਿਆਈਏ ਲੱਭ ਕੇ ਵਾਰਿਸ਼ ਸ਼ਾਹ ਇਕ ਹੋਰ,
ਅੰਮ੍ਰਿਤਾ ਦੀ “ਅੱਜ ਆਖਾਂ ਵਾਰਿਸ ਸ਼ਾਹ ਨੂੰ” ਕਵਿਤਾ ਉਨ੍ਹਾਂ ਨੂੰ ਪੰਜਾਬੀ ਸਾਹਿਤ ਵਿੱਚ ਹਮੇਸ਼ਾ-ਹਮੇਸ਼ਾ ਲਈ ਅਮਰ ਕਰ ਗਈ। ਹੋ ਹੀ ਨਹੀਂ ਸਕਦਾ ਕਿ ਭਾਰਤ-ਪਾਕਿ ਬਣਤਰ ਦੀ ਗੱਲ ਟੁਰੇ ਅਤੇ ਇਸ ਕਵਿਤਾ ਦਾ ਜ਼ਿਕਰ ਨਾ ਹੋਵੇ। ਇਸ ਕਵਿਤਾ ਨੇ ਜੇ ਅੰਮ੍ਰਿਤਾ ਨੂੰ ਪ੍ਰਸਿੱਧੀ ਦਵਾਈ ਤਾਂ 1950 ਵਿੱਚ ਲਿਖੀ ਉਨ੍ਹਾਂ ਦੀ ਨਾਵਲ “ਪਿੰਜਰ” ਨੇ ਇਸ ਉੱਪਰ ‘ਅੰਮ੍ਰਿਤਾ’ ਦੀ ਮੋਹਰ ਲਗਾ ਦਿੱਤੀ। ਅੰਮ੍ਰਿਤਾ ਨੇ ਸਮਾਜਿਕ ਅਤੇ ਸੰਸਾਰੀ ਬੇੜੀਆਂ ਨੂੰ ਲੱਤ ਮਾਰਦਿਆਂ 1960 ਵਿੱਚ 26 ਸਾਲ ਦੇ ਵਿਆਹ ਮਰਗੋਂ ਆਪਣੇ ਪਤੀ ਪ੍ਰੀਤਮ ਤੋਂ ਤਲਾਕ ਲੈ ਲਿਆ। ਅੰਮ੍ਰਿਤਾ ਅਤੇ ਮਸ਼ਹੂਰ ਪੰਜਾਬੀ ਅਤੇ ਹਿੰਦੀ ਲੇਖਕ ਸਾਹਿਰ ਲੁਧਿਆਣਵੀ ਵਿੱਚ ਵੀ ਕੁਝ ਸਮਾਂ ਪ੍ਰੇਮ ਸਬੰਧ ਰਹੇ ਪਰ ਅਖੀਰ ਇੱਕ ਹੋਰ ਲੇਖਕ ਅਤੇ ਪੇਂਟਰ ਇਮਰੋਜ਼ ਨਾਲ ਅੰਮ੍ਰਿਤਾ ਨੇ ਆਪਣੀ ਜ਼ਿੰਦਗੀ ਦੇ ਆਖਰੀ 40 ਸਾਲ ਗੁਜ਼ਾਰੇ ਜੋ ਕਿ ਅਕਸਰ ਉਨ੍ਹਾਂ ਦੀਆਂ ਕਿਤਾਬਾਂ ਦੇ ਕਵਰ ਵੀ ਬਣਾਇਆ ਕਰਦੇ ਸਨ।
ਅੰਮ੍ਰਿਤਾ ਪ੍ਰੀਤਮ ਉੱਚ ਪੱਧਰ ਦੀਆਂ ਕਾਵਿ-ਗੋਸ਼ਟੀਆਂ ਦੀ ਸ਼ਾਨ ਸੀ। ਉਸ ਨੇ ਵੀਅਤਨਾਮ, ਰੂਸ, ਯੂਗੋਸਲਾਵੀਆ, ਹੰਗਰੀ, ਰੋਮਾਨੀਆ ਅਤੇ ਬੁਲਗਾਰੀਆ ਦੇਸ਼ਾਂ ਦੀ ਯਾਤਰਾ ਵੀ ਕੀਤੀ। ਅੰਮ੍ਰਿਤਾ ਪ੍ਰੀਤਮ ਨੂੰ 1956 ਵਿੱਚ ਸੁਨੇਹੜੇ, ਕਾਵਿ ਸੰਗ੍ਰਹਿ ’ਤੇ ਸਾਹਿਤ ਅਕਾਦਮੀ ਪੁਰਸਕਾਰ ਪ੍ਰਾਪਤ ਹੋਇਆ। 1958 ਵਿੱਚ ਭਾਸ਼ਾ ਵਿਭਾਗ ਪੰਜਾਬ ਵੱਲੋਂ ਸਨਮਾਨ ਮਿਲਿਆ, ਸਾਹਿਤ ਕਲਾ ਪ੍ਰੀਸ਼ਦ ਦਿੱਲੀ ਵੱਲੋਂ 1974 ਵਿੱਚ ਇਨਾਮ ਦਿੱਤਾ ਗਿਆ।ਕੰਨੜ ਸਾਹਿਤ ਸੰਮੇਲਨ ਵਿੱਚ ਇਸਨੂੰ 1978 ਵਿੱਚ ਇਨਾਮ ਮਿਲਿਆ। 1982 ਵਿੱਚ ਇਸਨੂੰ ਕਾਗਜ਼ ਤੇ ਕੈਨਵਸ ਕਾਵਿ-ਸੰਗ੍ਰਹਿ ’ਤੇ ਗਿਆਨਪੀਠ ਅਵਾਰਡ ਦਿੱਤਾ ਗਿਆ। ਅੰਮ੍ਰਿਤਾ ਪ੍ਰੀਤਮ ਨੇ ਆਪਣੀਆਂ ਰਚਨਾਵਾਂ ਵਿੱਚ ਫਿਰਕੂ ਫਸਾਦਾਂ, ਸਰਮਾਏਦਾਰੀ ਸ਼ੋਸ਼ਣ ਦੇ ਖ਼ਿਲਾਫ਼ ਆਵਾਜ਼ ਬੁਲੰਦ ਕੀਤੀ। 1960 ਵਿੱਚ ਅੰਮ੍ਰਿਤਾ ਦੀ ਆਪਣੇ ਪਤੀ ਤੋਂ ਦੂਰੀ ਪੈ ਗਈ, ਫਿਰ ਜੀਵਨ ਦੇ ਆਖਰੀ 40 ਸਾਲ ਇਮਰੋਜ਼ ਨਾਲ ਬਿਤਾਏ। ਅੰਮ੍ਰਿਤਾ ਪ੍ਰੀਤਮ ਇੱਕ ਬਹੁਤ ਸ਼ਕਤੀਸ਼ਾਲੀ ਵਿਅਕਤੀਤਵ ਦੀ ਮਾਲਕ ਸੀ। ਉਸ ਨੇ ਪੰਜਾਬੀ ਸਾਹਿਤ ਦੀ ਵਿਲੱਖਣ ਸੇਵਾ ਕੀਤੀ।
ਅੰਮ੍ਰਿਤਾ ਪ੍ਰੀਤਮ ਦੀਆਂ ਰਚਨਾਵਾਂ ਵਿੱਚ ਨਾਵਲ, ਆਤਮਕਥਾ, ਕਹਾਣੀ ਸੰਗ੍ਰਿਹ, ਕਾਵਿ-ਸੰਗ੍ਰਹਿ, ਗਦ ਰਚਨਾਵਾਂ, ਸਫਰਨਾਮਾ, ਤੇ ਹੋਰ ਵੀ ਰਚਨਾਵਾਂ ਸ਼ਾਮਿਲ ਹੈ। ਨਾਵਲ ਰਚਨਾਵਾਂ ਦਾ ਨਾਮ ਇਸ ਪ੍ਰਕਾਰ ਹੈ::-ਜੈ ਸ੍ਰੀ (1946), ਡਾਕਟਰ ਦੇਵ (1949), (ਹਿੰਦੀ, ਗੁਜਰਾਤੀ, ਮਲਯਾਲਮ ਅਤੇ ਅੰਗਰੇਜ਼ੀ ਵਿੱਚ ਅਨੁਵਾਦ),, ਪਿੰਜਰ (1950), (ਹਿੰਦੀ, ਉਰਦੂ, ਗੁਜਰਾਤੀ, ਮਲਯਾਲਮ, ਮਰਾਠੀ, ਕੋਂਕਣੀ, ਅੰਗਰੇਜ਼ੀ, ਫਰਾਂਸੀਸੀ ਅਤੇ ਸਰਬੋਕਰੋਸ਼ਿਆਈ ਵਿੱਚ ਅਨੁਵਾਦ), ਆਹਲਣਾ (1952), (ਹਿੰਦੀ, ਉਰਦੂ ਅਤੇ ਅੰਗਰੇਜ਼ੀ ਵਿੱਚ ਅਨੁਵਾਦ) ਅੱਸ਼ੂ (1958), (ਹਿੰਦੀ ਅਤੇ ਉਰਦੂ ਵਿੱਚ ਅਨੁਵਾਦ)ਇਕ ਸਵਾਲ (1959), (ਹਿੰਦੀ ਅਤੇ ਉਰਦੂ ਵਿੱਚ ਅਨੁਵਾਦ)ਧਰਤੀ ਸਾਗਰ ਤੇ ਸਿੱਪੀਆਂ (1965), (ਹਿੰਦੀ ਅਤੇ ਉਰਦੂ ਵਿੱਚ ਅਨੁਵਾਦ) ਦਿੱਲੀ ਦੀਆਂ ਗਲੀਆਂ (1968), (ਹਿੰਦੀ ਵਿੱਚ ਅਨੁਵਾਦ)ਧੁੱਪ ਦੀ ਕਾਤਰ (1969)ਏਕਤੇ ਏਰਿਅਲ (1969), (ਹਿੰਦੀ ਅਤੇ ਅੰਗਰੇਜੀ ਵਿੱਚ ਅਨੁਵਾਦ)ਜਲਾਵਤਨ (1970), (ਹਿੰਦੀ ਅਤੇ ਅੰਗਰੇਜੀ ਵਿੱਚ ਅਨੁਵਾਦ)ਯਾਤਰੀ (1971), (ਹਿੰਦੀ, ਕੰਨੜ, ਅੰਗਰੇਜ਼ੀ, ਬਾਂਗਲਾ ਅਤੇ ਸਰਬੋਕਰੋਟ ਵਿੱਚ ਅਨੁਵਾਦ)ਤੇਹਰਵਾਂ ਸੂਰਜ (1978), (ਹਿੰਦੀ, ਉਰਦੂ ਅਤੇ ਅੰਗਰੇਜ਼ੀ ਵਿੱਚ ਅਨੁਵਾਦ)ਉਨਿੰਜਾ ਦਿਨ (1979), (ਹਿੰਦੀ ਅਤੇ ਅੰਗਰੇਜ਼ੀ ਵਿੱਚ ਅਨੁਵਾਦ)ਕੋਰੇ ਕਾਗਜ (1982), (ਹਿੰਦੀ ਵਿੱਚ ਅਨੁਵਾਦ)ਹਰਦੱਤ ਦਾ ਜ਼ਿੰਦਗੀਨਾਮਾ (1982), (ਹਿੰਦੀ ਅਤੇ ਅੰਗਰੇਜ਼ੀ ਵਿੱਚ ਅਨੁਵਾਦ)
ਅੰਮ੍ਰਿਤਾ ਪ੍ਰੀਤਮ ਦੁਆਰਾ ਲਿਖਿਆ ਆਤਮਕਥਾ ਸੋਧੋ:-ਰਸੀਦੀ ਟਿਕਟ (1976)
ਅੰਮ੍ਰਿਤਾ ਪ੍ਰੀਤਮ ਲਿਖੇ ਗਏ ਕਹਾਣੀ ਸੰਗ੍ਰਿਹ ਸਭ ਹਿੰਦੀ ਅਨੁਵਾਦ ਵਿੱਚ ਹੈ ਕਹਾਣੀ ਸੰਗ੍ਰਿਹ ਕੁਝ ਇਸ ਪ੍ਰਕਾਰ ਹੈ:-ਛੱਤੀ ਵਰ੍ਹੇ ਬਾਅਦ ,ਕੁੰਜੀਆਂ ,ਆਖਰੀ ਖਤ ,ਗੋਜਰ ਦੀਆਂ ਪਰੀਆਂ ,ਚਾਨਣ ਦਾ ਹਉਕਾ , ਜੰਗਲੀ ਬੂਟੀ ,ਹੀਰੇ ਦੀ ਕਣੀ,ਲਾਤੀਯਾਂ ਦੀ ਛੋਕਰੀ,ਪੰਜ ਵਰ੍ਹੇ ਲੰਮੀ ਸੜਕ,ਇਕ ਸ਼ਹਿਰ ਦੀ ਮੌਤ,ਤੀਜੀ ਔਰਤ।
ਅੰਮ੍ਰਿਤਾ ਪ੍ਰੀਤਮ ਦੁਆਰਾ ਕੀਤੇ ਗਏ ਕਾਵਿ-ਸੰਗ੍ਰਹਿ :-ਠੰਢੀਆਂ ਕਿਰਨਾਂ , ਅੰਮ੍ਰਿਤ ਲਹਿਰਾਂ ,ਜਿਉਂਦਾ ਜੀਵਨ , ਤ੍ਰੇਲ ਧੋਤੇ ਫੁੱਲ , ਓ ਗੀਤਾਂ ਵਾਲਿਓ ,ਅੰਮੜੀ ਦਾ ਵਿਹੜਾ,ਬੱਦਲਾਂ ਦੇ ਪੱਲੇ ਵਿੱਚ ,ਸੰਝ ਦੀ ਲਾਲੀ ,ਨਿੱਕੀ ਜਿਹੀ ਸੌਗਾਤ ,ਲੋਕ ਪੀੜ ,ਪੱਥਰ ਗੀਟੇ ,ਲੰਮੀਆਂ ਵਾਟਾਂ,ਮੈਂ ਤਵਾਰੀਖ ਹਾਂ ਹਿੰਦ ਦੀ , ਸਰਘੀ ਵੇਲਾ, ਮੇਰੀ ਚੋਣਵੀਂ ਕਵਿਤਾ ,ਸੁਨੇਹੜੇ ,ਅਸ਼ੋਕਾ ਚੇਤੀ ,ਕਸਤੂਰੀ ,ਨਾਗਮਣੀ ,ਛੇ ਰੁੱਤਾਂ
,ਮੈਂ ਜਮਾਂ ਤੂੰ ,ਲਾਮੀਆਂ ਵਤਨ,ਕਾਗਜ ਤੇ ਕੈਨਵਸ
ਅੰਮ੍ਰਿਤਾ ਪ੍ਰੀਤਮ ਨੂੰ ਸੁਨੇਹੜੇ ਕਾਵਿ-ਸੰਗ੍ਰਹਿ 1955 ਨੂੰ ਸਾਹਿਤ ਅਕਾਦਮੀ ਇਨਾਮ ਪ੍ਰਾਪਤ ਹੋਇਆ, ਅਤੇ ਕਾਗਜ ਤੇ ਕੈਨਵਸ ਕਾਵਿ-ਸੰਗ੍ਰਹਿ ਲਈ ਗਿਆਨਪੀਠ ਇਨਾਮ ਪ੍ਰਾਪਤ ਹੋਇਆ।
ਅੰਮ੍ਰਿਤਾ ਪ੍ਰੀਤਮ ਗਦ ਰਚਨਾਵਾਂ ਵੀ ਹਿੰਦੀ ਅਨੁਵਾਦ ਵਿੱਚ ਹੈ ਤੇ ਉਹਨਾਂ ਨਾਮ ਪ੍ਰਕਾਰ ਹਨ:- ਕਿਰਮਿਚੀ ਲਕੀਰਾਂ,
ਕਾਲ਼ਾ ਗੁਲਾਬ,ਅੱਗ ਦੀਆਂ ਲਕੀਰਾਂ ,ਇਕੀ ਪੱਤੀਆਂ ਦਾ ਗੁਲਾਬ , ਸਫਰਨਾਮਾ ,ਔਰਤ: ਇੱਕ ਦ੍ਰਿਸ਼ਟੀਕੋਣ ,ਇਕ ਉਦਾਸ ਕਿਤਾਬ,ਆਪਣੇ – ਆਪਣੇ ਚਾਰ ਵਰੇ ,ਕੇੜੀ ਜ਼ਿੰਦਗੀ ਕੇੜਾ ਸਾਹਿਤ ,ਕੱਚੇ ਅਖਰ ,ਇਕ ਹਥ ਮੇਹੰਦੀ ਇੱਕ ਹਥ ਛੱਲਾ ,ਮੁਹੱਬਤਨਾਮਾ,ਮੇਰੇ ਕਾਲ ਮੁਕਟ ਸਮਕਾਲੀ ,ਸ਼ੌਕ ਸੁਰੇਹੀ ,ਕੜੀ ਧੁੱਪ ਦਾ ਸਫਰ ,ਅੱਜ ਦੇ ਕਾਫਰ ਹਨ।
ਅੰਮ੍ਰਿਤਾ ਪ੍ਰੀਤਮ ਸਫਰਨਾਮਾ, ਬਾਰੀਆਂ ਝਰੋਖੇ ਤੇ ਹੋਰ ਰਚਨਾਵਂ :-ਬਲ ਬਲ ਦੀਵੜਿਆ,ਅਦਨ ਬਾਗ਼ ਦੇ ਯੋਗੀ ਸ਼ਾਮਿਲ ਹਨ।
ਅੰਮ੍ਰਿਤਾ ਪ੍ਰੀਤਮ ਦੀ ਸਾਹਿਤਕ ਦੇਣ ਬਾਰੇ ਬਹੁਭਾਂਤਿ ਗੱਲਾਂ ਹੁਣ ਵੀ ਸੁਣੀਆਂ ਜਾਂਦੀਆਂ ਹਨ ਪਰ ਜਿਸ ਸਮੇਂ ਉਸ ਨੇ ਸਾਹਿਤਕ ਹਲਕਿਆਂ ਵਿੱਚ ਆਜ਼ਾਦ ਹੋ ਕੇ ਕੰਮ ਕੀਤਾ ਉਸ ਦੌਰ ਵਿੱਚ ਇਹ ਹਰ ਔਰਤ ਦੇ ਵੱਸ ਦੀ ਗੱਲ ਨਹੀਂ ਸੀ। ਅਸੀਂ ਅੱਜ ਦੇ ਹਾਲਾਤ ਦੇ ਮਿਆਰ ਨਾਲ ਉਸ ਦਾ ਮੁਲਾਂਕਣ ਨਹੀਂ ਕਰ ਸਕਦੇ।
ਅੰਮ੍ਰਿਤਾ ਪ੍ਰੀਤਮ ਨੂੰ 1956 ਵਿੱਚ ਸੁਨੇਹੜੇ ਕਾਵਿ-ਸੰਗ੍ਰਹਿ ਤੇ ਸਾਹਿਤ ਅਕੈਡਮੀ ਪੁਰਸਕਾਰ ਪ੍ਰਾਪਤ ਹੋਇਆ।, 1958 ਵਿੱਚ ਭਾਸ਼ਾ ਵਿਭਾਗ ਪੰਜਾਬ ਵੱਲੋਂ ਸਨਮਾਨ ਮਿਲਿਆ।, 1969 ਵਿਚ ਭਾਰਤ ਸਰਕਾਰ ਦੁਆਰਾ ‘ਪਦਮ ਸ੍ਰੀ’ ਨਾਲ ਸਨਮਾਨਿਤ ਕੀਤਾ ਗਿਆ।, ਸਾਹਿਤ ਕਲਾ ਪ੍ਰੀਸ਼ਦ ਦਿੱਲੀ ਵੱਲੋਂ 1974 ਵਿੱਚ ਇਨਾਮ ਦਿੱਤਾ ਗਿਆ।ਕੰਨੜ ਸਾਹਿਤ ਸੰਮੇਲਨ ਵਿੱਚ ਆਪ ਜੀ ਨੂੰ 1978 ਵਿੱਚ ਇਨਾਮ ਮਿਲਿਆ।1982 ਵਿੱਚ ਉਸ ਨੂੰ ਕਾਗਜ ਤੇ ਕੈਨਵਸ ਕਾਵਿ ਸੰਗ੍ਰਹਿ ਤੇ ਗਿਆਨ ਪੀਠ ਐਵਾਰਡ ਦਿੱਤਾ ਗਿਆ।1988 ਵਿੱਚ ਬਲਗਾਰਿਆ ਵੈਰੋਵ ਇਨਾਮ (ਅੰਤਰਾਸ਼ਟਰੀ)2005 ਵਿੱਚ ਅੰਮ੍ਰਿਤਾ ਪ੍ਰੀਤਮ ਨੂੰ ਭਾਰਤ ਦੇ ਦੂਜਾ ਸਭ ਤੋਂ ਵੱਡਾ ਸਨਮਾਨ ਪਦਮ ਵਿਭੂਸ਼ਣ ਨਾਲ ਸਨਮਾਨਿਤ ਕੀਤਾ ਗਿਆ।
ਅੰਮ੍ਰਿਤਾ ਪ੍ਰੀਤਮ ਆਪਣੇ ਆਖਰੀ ਸਮੇਂ ਵਿੱਚ ਦਿੱਲੀ ਵਿੱਚ ਆਪਣੇ ਮਿੱਤਰ ਚਿੱਤਰਕਾਰ ਇਮਰੋਜ਼ ਨਾਲ ਮਿਲ ਕੇ ਨਾਗਮਣੀ ਨਾਮ ਦਾ ਸਾਹਿਤਕ ਪੱਤਰ ਚਲਾਉਂਦੀ ਰਹੀ। ਜਿੱਥੇ ਲਈ ਲੰਮੀ ਬਿਮਾਰੀ ਦੇ ਕਰਨ 31 ਅਕਤੂਬਰ 2005 ਨੂੰ 86 ਸਾਲ ਦੀ ਉਮਰ ਵਿੱਚ ਅੰਮ੍ਰਿਤਾ ਪ੍ਰੀਤਮ ਦਾ ਦੇਹਾਂਤ ਹੋ ਗਿਆ। ਪੰਜਾਬ ਇਹ ਮਹਾਨ ਅਵਾਜ਼ ਸਦਾ ਦੀ ਨੀਂਦ ਸੌ ਗਈ। ਉਸ ਦੇ ਬੋਲ ਅੱਜ ਵੀ ਗੂੰਜਦੇ ਨੇ;
ਮਾਣ ਸੁੱਚੇ ਇਸ਼ਕ ਦਾ ਹੈ, ਹੁਨਰ ਦਾ ਦਾਅਵਾ ਨਹੀਂ
ਕਲਮ ਦੇ ਇਸ ਭੇਤ ਨੂੰ ਕੋਈ ਇਲਮ ਵਾਲਾ ਪਾਏਗਾ।
ਰਵਨਜੋਤ ਕੌਰ ਸਿੱਧੂ “ਰਾਵੀ”
ਪਿੰਡ ਜੱਬੋਵਾਲ, ਸ਼ਹੀਦ ਭਗਤ ਸਿੰਘ ਨਗਰ
ਸੰਪਰਕ 8283066125