ਅਧੂਰਾ ਸੱਚ

ਮੈਂ ਜਦ ਵੀ ਸਾਹਮਣੇ ਵਾਲੀ ਗਲੀ ਵਿੱਚੋਂ ਹੋ ਕੇ ਗੁਜਰਦੀ ਤਾਂ ਲੋਕਾਂ ਨੇ ਕਹਿਣਾ ਇਸ ਗਲੀ ਵਿੱਚ ਨਾ ਜਾਇਆ ਕਰ ਧੀਏ ਇਹ ਬਾਂਝਾ ਦੀ ਗਲੀ ਹੈ। ਉਸ ਗਲੀ ਵਿੱਚ ਦੋ ਘਰ ਅਜਿਹੇ ਸਨ ਜਿਨ੍ਹਾਂ ਦੇ ਕੋਈ ਵੀ ਔਲਾਦ ਨਹੀਂ ਸੀ। ਉਸ ਸਮੇਂ ਮੇਰਾ ਨਵਾ ਵਿਆਹ ਹੋਇਆ ਸੀ। ਮੈਂ ਹਮੇਸ਼ਾ ਉਸ ਗਲੀ ਦਾ ਸੱਚ ਜਾਨਣਾ ਚਾਹੁੰਦੀ ਸੀ ਪਰ ਕਿਸੇ ਨੂੰ ਵੀ ਪੁੱਛਦੀ ਤਾਂ ਉਹ ਇਹ ਕਹਿ ਦਿੰਦੇ ਵੀ ਪਿਛਲੇ ਕਈ ਸਾਲਾਂ ਤੇ ਇਸ ਗਲੀ ਨੂੰ ਬਾਂਝ ਗਲੀ ਦੇ ਨਾਮ ਹੀ ਬੁਲਾਇਆ ਜਾਂਦਾ ਹੈ। ਕਿਉਂਕਿ ਇਸ ਗਲੀ ਵਿੱਚ ਦੋਵਾ ਘਰਾਂ ਵਿੱਚ ਦੋ ਤੋ ਤਿੰਨ ਤਿੰਨ ਵਿਆਹ ਹੋਏ ਸਨ ਪਰ ਬੱਚਾ ਕਿਸੇ ਦੇ ਵੀ ਨਹੀਂ ਸੀ। ਮੈਂ ਅਕਸਰ ਉਸ ਗਲੀ ਵਿੱਚੋਂ ਲੰਘਦੀ ਤਾਂ ਮੈਂ ਦੇਖਦੀ ਇਕ ਬਜੁਰਗ ਔਰਤ ਹਮੇਸ਼ਾ ਮੁਸਕਰਾਉਂਦੀ ਹੋਈ ਗੇਟ ਤੇ ਮੰਜਾ ਡਾਹ ਕੇ ਬੈਠੀ ਹੁੰਦੀ। ਆਪਣੇ ਸੁਭਾਅ ਮੁਤਾਬਿਕ ਮੈਂ ਫਤਹਿ ਬੁਲਾਉਣੀ ਤੇ ਅੱਗੇ ਵਧ ਜਾਣਾ। ਮੇਰਾ ਬਹੁਤ ਦਿਲ ਕਰਦਾ ਵੀ ਮੈਂ ਪੁੱਛਾ ਵੀ ਤੁਹਾਡੀ ਗਲੀ ਵਿੱਚ ਆਉਣ ਦੀ ਇਜਾਜਤ ਕਿਉਂ ਨਹੀਂ ਹੈ। ਪਰ ਮੈਂ ਕਾਹਲੀ ਨਾਲ ਆਪਣੇ ਕਦਮ ਵਧਾਉਂਦਿਆ ਉਹ ਗਲੀ ਪਾਰ ਕਰ ਲੈਂਦੀ ਕਿ ਕੋਈ ਮੇਰੇ ਘਰ ਇਹ ਨਾਂ ਦੱਸ ਦੇਵੇ ਵੀ ਮੈਂ ਉਸ ਗਲੀ ਵਿੱਚ ਦੀ ਕਾਲਜ ਗਈ ਸੀ। ਇੱਕ ਦਿਨ ਮੈਂ ਜਿਗਰਾ ਕਰਕੇ ਉਸ ਬਜੁਰਗ ਨੂੰ ਫਤਹਿ ਬੁਲਾਉਂਦਿਆਂ ਪਾਣੀ ਦਾ ਗਿਲਾਸ ਮੰਗ ਲਿਆ। ਉਸ ਬਜੁਰਗ ਔਰਤ ਤੋਂ ਸ਼ਾਇਦ ਇਹ ਖੁਸ਼ੀ ਸੰਭਾਲੀ ਨਹੀਂ ਜਾ ਰਹੀ ਸੀ ਕਿ ਕੋਈ ਤਾਂ ਹੈ ਜੋ ਉਹਨਾਂ ਨੂੰ ਸਮਝਦਾ ਹੈ। ਪਾਣੀ ਪੀਣ ਤੋਂ ਬਾਅਦ ਮੈਂ ਪੁਛਿਆ ਬੇਬੇ ਜੀ ਜੇ ਤੁਸੀ ਬੁਰਾ ਨਹੀਂ ਮਨਾਉਂਦੇ ਤਾਂ ਇੱਕ ਗੱਲ ਪੁੱਛ ਸਕਦੀ ਹਾਂ। ਮਿਠੜੇ ਸੁਭਾਅ ਦੀ ਬੇਬੇ ਨੇ ਮੇਰੇ ਕੋਲ ਬੈਠਦਿਆ ਕਿਹਾ ਹਾਂ ਪੁੱਛ ਧੀਏ। ਮੇਰੇ ਪੁੱਛਣ ਤੇ ਦੱਸਿਆ ਬਦਕਿਸਮਤੀ ਨਾਲ ਸਾਡੇ ਕੋਈ ਔਲਾਦ ਨਾ ਹੋਈ। ਉਨ੍ਹਾਂ ਟਾਇਮਾਂ ਵਿੱਚ ਕੋਈ ਡਾਕਟਰੀ ਇਲਾਜ ਵੀ ਖਾਸ ਨਹੀਂ ਸਨ ਹੁੰਦੇ। ਔਲਾਦ ਨਾ ਹੋਣ ਤੇ ਸਿਰਫ ਲੜਕੀ ਨੂੰ ਹੀ ਜੁੰਮੇਵਾਰ ਸਮਝਿਆ ਜਾਣਾ ਸੀ। ਬਜੁਰਗ ਔਰਤ ਨੇ ਦੱਸਿਆ ਕਿ ਫਿਰ ਮੇਰੇ ਦਿਉਰ ਦਾ ਵਿਆਹ ਹੋਇਆ ਤਾਂ ਔਲਾਦ ਉਸ ਦੇ ਵੀ ਨਾ ਹੋਈ। ਮੇਰੇ ਦਿਉਰ ਦੇ ਤਿੰਨ ਵਿਆਹ ਹੋਏ ਪਰ ਔਲਾਦ ਦਾ ਸੁੱਖ ਕਿਤੇ ਵੀ ਨਸੀਬ ਨਹੀਂ ਸੀ ਹੋਇਆ। ਉਸ ਸਮੇਂ ਤੋਂ ਲੋਕਾਂ ਨੇ ਸਾਨੂੰ ਬਦਕਿਸਮਤ ਸਮਝ ਕੇ ਸਾਡੇ ਨਾਲੋ ਰਿਸ਼ਤੇ ਨਾਤੇ ਤੋੜ ਲਏ। ਕਿਸੇ ਵੀ ਖੁਸ਼ੀ ਗਮੀ ਦੇ ਮੌਕੇ ਤੇ ਸਾਨੂੰ ਬੁਲਾਉਣਾ ਅਸੁੱਭ ਸਮਝਿਆ ਜਾਣ ਲੱਗਾ। ਬੇਬੇ ਦੇ ਮਿਠੜੇ ਸੁਭਾਅ ਨੇ ਮੈਨੂੰ ਕੀਲ ਕੇ ਰੱਖ ਦਿੱਤਾ ਮੈਂ ਰੋਜਾਨਾ ਬੇਬੇ ਕੋਲ ਰੁੱਕ ਕੇ ਜਾਣਾ। ਕਿਸੇ ਨੇ ਮੇਰੇ ਘਰ ਇਹ ਗੱਲ ਦੱਸ ਦਿੱਤੀ। ਮੇਰੇ ਘਰਦਿਆ ਨੇ ਮੇਰਾ ਕਾਲਜ ਜਾਣਾ ਬੰਦ ਕਰਵਾ ਘਰ ਵਿੱਚ ਬੈਠਾ ਲਿਆ। ਲੋਕਾਂ ਵਾਗ ਮੇਰੇ ਘਰਦਿਆਂ ਨੂੰ ਵੀ ਵਹਿਮ ਸੀ ਵੀ ਹੁਣ ਮੈਂ ਵੀ ਕਦੇ ਮਾਂ ਨਹੀਂ ਬਣ ਸਕਦੀ ਕਿਉਂਕਿ ਮੈਂ ਉਸ ਬਾਂਝ ਗਲੀ ਵਿੱਚੋ ਉਹਨਾਂ ਦੇ ਘਰ ਦਾ ਪਾਣੀ ਜੋ ਪੀ ਲਿਆ ਸੀ। ਪਰਮਾਤਮਾ ਦੀ ਮਿਹਰ ਹੋਈ ਮੇਰੇ ਘਰ ਇਕ ਬਹੁਤ ਹੀ ਪਿਆਰੀ ਬੱਚੀ ਨੇ ਜਨਮ ਲਿਆ। ਮੇਰਾ ਸੁਪਨਾ ਸੀ ਕਿ ਮੇਰੀ ਬੱਚੀ ਨੂੰ ਗੁੜਤੀ ਉਹ ਮਿੱਠੜੇ ਸੁਭਾਅ ਵਾਲੀ ਬਜੁਰਗ ਦੇਵੇ। ਕਿਉਂਕਿ ਮੈਂ ਲੋਕਾਂ ਨੂੰ ਸਮਝਾਉਣਾ ਚਾਹੁੰਦੀ ਸੀ ਕਿ ਕਦੇ ਵੀ ਅਧੂਰਾ ਸੱਚ ਜਾਣ ਕੇ ਫੈਸਲੇ ਨਹੀਂ ਲੈਣੇ ਚਾਹੀਦੇ। ਮੇਰੀ ਇਸ ਛੋਟੀ ਜਿਹੀ ਸ਼ੁਰੂਆਤ ਨੇ ਉਹਨਾਂ ਸੁੱਕੇ ਫੁੱਲਾਂ ਵਿੱਚ ਜਿਵੇਂ ਮਹਿਕ ਭਰ ਦਿੱਤੀ ਹੋਵੇ। ਕਈ ਸਾਲਾ ਤੋਂ ਲੱਗਿਆਂ ਬਾਂਝ ਗਲੀ ਦਾ ਕਲੰਕ ਅੱਜ ਮੈਨੂੰ ਧੁੰਦਲਾ ਹੁੰਦਾ ਨਜਰ ਆ ਰਿਹਾ ਸੀ।
ਅਰਸ਼ਪ੍ਰੀਤ ਸਿੱਧੂ
94786-22509
good work